ਪੱਤਰ ਪ੍ਰੇਰਕ
ਮਾਨਸਾ, 16 ਅਗਸਤ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਕੀਤੀ ਜਾਣ ਵਾਲੀ ਭਰਤੀ ਤੁਰੰਤ ਬੰਦ ਕੀਤੀ ਜਾਵੇ। ਜਥੇਬੰਦੀਆਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਰਾਹੀਂ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦਾ ਹੌਸਲਾ ਕਾਇਮ ਰੱਖਣ ਅਤੇ ਰੁਜ਼ਗਾਰ ਦੀ ਝਾਕ ਲਈ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਣ ਲਈ ਅਜਿਹੀ ਭਰਤੀ ਤੁਰੰਤ ਬੰਦ ਕਰਨੀ ਚਾਹੀਦੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਭਾਰਤੀ ਫੌਜ ਵਿੱਚ ਸਰਕਾਰ ਵੱਲੋਂ ਜੋ ਆਰਜ਼ੀ ਤੌਰ ’ਤੇ 4 ਸਾਲਾਂ ਲਈ ਜਵਾਨਾਂ ਦੀ ਅਗਨੀਵੀਰ ਦੇ ਨਾਂ ਹੇਠ ਭਰਤੀ ਸ਼ੁਰੂ ਕੀਤੀ ਗਈ ਹੈ, ਉਸ ਨੇ ਨੌਜਵਾਨਾਂ ਦਾ ਮਨੋਬਲ ਡੇਗਿਆ ਹੈ। ਭਾਵੇਂ ਇਹ ਭਰਤੀਆਂ ਬਹੁਤੀਆਂ ਥਾਵਾਂ ’ਤੇ ਹਾਲੇ ਸ਼ੁਰੂ ਨਹੀਂ ਹੋਈਆਂ ਪਰ ਇਹ ਭਰਤੀ ਅਗਲੇ ਦਿਨਾਂ ’ਚ ਆਰੰਭ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਫੌਜ ਵਿੱਚ ਜਾਣ ਦੇ ਇੱਛੁਕ ਨੌਜਵਾਨਾਂ ਵਿੱਚ ਜ਼ਿਆਦਾਤਰ ਕਿਸਾਨ-ਮਜ਼ਦੂਰ ਪਰਿਵਾਰਾਂ ਦੇ ਨੌਜਵਾਨ ਹੁੰਦੇ ਹਨ ਜੋ ਪਹਿਲਾਂ ਹੀ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਤੁਰੰਤ ਬੰਦ ਕਰਕੇ ਫੌਜ ਵਿੱਚ ਨੌਜਵਾਨਾਂ ਦੀ ਰੈਗੂਲਰ ਭਰਤੀ ਕਰਨ ਦੀ ਪ੍ਰਕਿਰਿਆ ਬਹਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਪੈਨਸ਼ਨ ਆਦਿ ਦੇ ਸਾਰੇ ਅਧਿਕਾਰ ਬਹਾਲ ਰੱਖੇ ਜਾਣੇ ਯਕੀਨੀ ਬਣਾਏ ਜਾਣ ਤਾਂ ਕਿ ਨੌਜਵਾਨ ਨਿਰਾਸ਼ ਨਾ ਹੋਣ। ਉਨ੍ਹਾਂ ਕਿਹਾ ਕਿ ਅਗਨੀਪਥ ਸਕੀਮ ਕਾਰਨ ਨੌਜਵਾਨਾਂ ਿਵਚ ਰੋਸ ਹੈ ਜਿਸ ਕਰਕੇ ਇਹ ਸਕੀਮ ਰੱਦ ਹੋਣੀ ਚਾਹੀਦੀ ਹੈ।