ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਨਵੰਬਰ
ਬੀਐੱਸਐੱਫ ਦੇ ਸਥਾਪਨਾ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਥੇ ਸਰਹੱਦ ’ਤੇ ਆਉਣ ਦੀ ਸੰਭਾਵਨਾ ਹੈ। ਇਸ ਦਾ ਖੁਲਾਸਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਇੱਕ ਪੱਤਰ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜਿਆ ਹੈ, ਜਿਸ ਰਾਹੀਂ ਸਰਹੱਦ ’ਤੇ ਹੁੰਦੀ ਰੀਟਰੀਟ ਸੈਰੇਮਨੀ ਲੋਕਾਂ ਵਾਸਤੇ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਇਸ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਵੇਲੇ ਉਹ ਜਨ ਪ੍ਰਤੀਨਿਧੀ ਵਜੋਂ ਉਨ੍ਹਾਂ ਦਾ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਇਥੇ ਸਰਹੱਦ ’ਤੇ ਭਾਰਤ ਵੱਲੋਂ ਬੀਐੱਸਐੱਫ ਅਤੇ ਪਾਕਿਸਤਾਨ ਵੱਲੋਂ ਰੇਂਜਰਾਂ ਦੁਆਰਾ ਸਾਂਝੇ ਤੌਰ ’ਤੇ ਰੋਜ਼ਾਨਾ ਝੰਡਾ ਉਤਾਰਨ ਦੀ ਰਸਮ ਕੀਤੀ ਜਾਂਦੀ ਹੈ, ਜੋ ਕਿ ਕਰੋਨਾ ਮਹਾਮਾਰੀ ਕਾਰਨ ਲੋਕਾਂ ਲਈ ਬੰਦ ਕਰ ਦਿੱਤੀ ਗਈ ਸੀ, ਜਿਸ ਦਾ ਇਲਾਕੇ ਦੇ ਕਾਰੋਬਾਰ ’ਤੇ ਮਾੜਾ ਅਸਰ ਪਿਆ ਹੈ। ਇਹ ਰੀਟਰੀਟ ਸੈਰੇਮਨੀ ਦੇਖਣ ਲਈ ਰੋਜ਼ਾਨਾ ਹਜ਼ਾਰਾਂ ਸੈਲਾਨੀ ਆਉਂਦੇ ਸਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਆਮਦ ਬੰਦ ਹੋਣ ਨਾਲ ਇੱਥੋਂ ਦੇ ਹੋਟਲ, ਢਾਬੇ, ਟੈਕਸੀ ਅਤੇ ਹੋਰ ਸਾਮਾਨ ਵੇਚਣ ਵਾਲੇ ਤੇ ਦੁਕਾਨਦਾਰਾਂ ਦਾ ਕੰਮ ਠੱਪ ਹੋਇਆ ਪਿਆ ਹੈ, ਜਿਸ ਕਾਰਨ ਇਹ ਲੋਕ ਰੋਜ਼ੀ-ਰੋਟੀ ਤੋਂ ਆਤੁਰ ਹੋ ਗਏ ਹਨ।
ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਮਾਲ ਗੱਡੀਆਂ ਦੀ ਪੂਰੀ ਸੁਰੱਖਿਆ ਦਾ ਭਰੋਸਾ ਦੇ ਚੁੱਕੀ ਹੈ। ਇਸ ਲਈ ਸਦਭਾਵਨਾ ਵਜੋਂ ਇਥੇ ਆਉਣ ਤੋਂ ਪਹਿਲਾਂ ਮਾਲ ਗੱਡੀਆਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣ। ਊਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਨਰਮ ਰੁਖ ਅਖਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਸਰਹੱਦ ਰਸਤੇ ਹੁੰਦੇ ਦੁਵੱਲੇ ਵਪਾਰ ਨੂੰ ਵੀ ਮੁੜ ਸ਼ੁਰੂ ਕਰਨ ਦੀ ਉਮੀਦ ਪ੍ਰਗਟਾਈ ਹੈ।