ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜੂਨ
ਇਥੇ ਸਥਿਤ ਜੱਲ੍ਹਿਆਂਵਾਲਾ ਬਾਗ ਵਿੱਚ ਦਾਖ਼ਲਾ ਟਿਕਟ ਲਾਉਣ ਦਾ ਵਿਰੋਧ ਕਰਦਿਆਂ ਅੱਜ ਜਨਤਕ ਜਥੇਬੰਦੀਆਂ ਨੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਸੌਂਪਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ। ਵਫ਼ਦ ਨੇ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਨੇ ਇਸ ਸ਼ਹੀਦੀ ਸਮਾਰਕ ’ਤੇ ਕੋਈ ਟਿਕਟ ਨਾ ਲਾਉਣ ਦਾ ਵਾਅਦਾ ਕੀਤਾ ਸੀ। ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਕੇਂਦਰ ਦਾ ਸੱਭਿਆਚਾਰਕ ਮਾਮਲਾ ਵਿਭਾਗ, ਪੁਰਾਤੱਤਵ ਵਿਭਾਗ ਅਤੇ ਸਰਕਾਰ ਸਮੇਤ ਜੱਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਇਸ ਮਾਮਲੇ ਵਿੱਚ ਜਨਤਕ ਤੌਰ ’ਤੇ ਐਲਾਨ ਕਰੇ ਕਿ ਇੱਥੇ ਕੋਈ ਦਾਖ਼ਲਾ ਟਿਕਟ ਨਹੀਂ ਲਈ ਜਾਵੇਗੀ। ਉਨ੍ਹਾਂ ਮੰਗ ਕੀਤੀ ਇੱਥੇ ਦਾਖ਼ਲਾ ਟਿਕਟ ਲਾਉਣ ਦੀ ਤਿਆਰੀ ਲਈ ਲਿਆਂਦਾ ਗਿਆ ਸਾਮਾਨ ਤੁਰੰਤ ਹਟਾਇਆ ਜਾਵੇ।