ਰੂਪਨਗਰ/ ਚਮਕੌਰ ਸਾਹਿਬ: ਪੰਜਾਬ ਪੈਨਸ਼ਨਰਜ਼ ਮਹਾ ਸੰਘ ਦੇ ਆਗੂਆਂ ਵੱਲੋਂ ਇੱਕ ਮੰਗ ਪੱਤਰ ਇੱਥੋਂ ਦੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੂੰ ਦਿੱਤਾ ਗਿਆ। ਸੰਘ ਦੇ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਬ ਤੋਂ ਪਹਿਲਾਂ ਚਮਕੌਰ ਸਾਹਿਬ, ਰੂਪਨਗਰ, ਨੀਲੋਂ ਮੇਨ ਸੜਕ ਤੇ ਚਮਕੌਰ ਸਾਹਿਬ ਸ਼ੁਰੂ ਹੁੰਦੇ ਸਰ ਸਪੀਡ ਬਰੇਕਰ ਬਣਾਉਣ ਲਈ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਜਾਵੇ, ਕਿਉਂਕਿ ਇਸ ਸੜਕ ਤੇ ਰੋਜਨਾ ਹਾਦਸੇ ਵਾਪਰਦੇ ਹਨ। ਇਸ ਤੋਂ ਇਲਾਵਾ ਅਨਾਜ ਮੰਡੀ ਤੋਂ ਲੈ ਕੇ ਨਹਿਰ ਸਰਹਿੰਦ ਤੱਕ ਮੇਨ ਸੜਕ ’ਤੇ ਪੰਜ ਖਤਰਨਾਕ ਚੌਕ ਪੈਂਦੇ ਹਨ, ਉਨ੍ਹਾਂ ਤੇ ਟਰੈਫਿਕ ਲਾਈਟਾਂ ਦਾ ਜਲਦੀ ਪ੍ਰਬੰਧ ਕਰਨ ਸਣੇ ਆਵਾਰਾ ਪਸ਼ੂਆਂ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਵੱਲੋਂ ਉਕਤ ਮੰਗਾਂ ਸਬੰਧੀ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ