ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 8 ਮਾਰਚ
ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਪਾਲ ਸਿੰਘ ਗਿੱਲ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਭੇਜ ਕੇ ਪੰਚਾਇਤ ਸਮਿਤੀਆਂ ਵਿੱਚ ਹੋਈਆਂ ਗੈਰਕਾਨੂੰਨੀ ਨਿਯੁਕਤੀਆਂ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਸਬੂਤ ਪੇਸ਼ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਸੂਬਾਈ ਆਗੂ ਨੇ ਆਖਿਆ ਕਿ ਪੰਚਾਇਤ ਵਿਭਾਗ ਨੇ ਪਿਛਲੇ ਦਿਨੀਂ ਅਜਿਹੀਆਂ ਨਿਯੁਕਤੀਆਂ ਕੀਤੀਆਂ ਤੇ ਕੱਚੇ ਕਰਮਚਾਰੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਪੱਕੇ ਕਰਨ ਦੇ ਮਾਮਲੇ ਵਿੱਚ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਮੁਅੱਤਲ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਸਿਰਫ਼ ਦੋ ਪੰਚਾਇਤ ਸਮਿਤੀਆਂ ਵਿੱਚ ਹੀ ਨਹੀਂ, ਬਲਕਿ ਹੋਰਨਾਂ ਪੰਚਾਇਤ ਸਮਿਤੀਆਂ ਵਿੱਚ ਵੀ ਹਨ ਜਿੱਥੇ ਨਿਯਮਾਂ ਨੂੰ ਛਿੱਕੇ ਟੰਗ ਕੇ ਗੈਰਕਾਨੂੰਨੀ ਭਰਤੀਆਂ ਕੀਤੀਆਂ ਗਈਆਂ ਹਨ। ਸ੍ਰੀ ਗਿੱਲ ਨੇ ਲਿਖਿਆ ਕਿ ਅਜਿਹੀਆਂ ਗੈਰਕਾਨੂੰਨੀ ਭਰਤੀਆਂ ਨਾਲ ਪੰਚਾਇਤ ਸਮਿਤੀਆਂ ਦੇ ਫੰਡਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਮੁੱਚੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਾਈ ਜਾਵੇ ਤੇ ਗੈਰਕਾਨੂੰਨੀ ਨਿਯੁਕਤੀਆਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।