ਪਾਲ ਸਿੰਘ ਨੌਲੀ
ਜਲੰਧਰ, 4 ਜੂਨ
ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਰੰਗਕਰਮੀਆਂ, ਸਾਹਿਤਕਾਰਾਂ, ਪੱਤਰਕਾਰਾਂ, ਜਮਹੂਰੀ ਕਾਮਿਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਭੇਜਿਆ ਹੈ। ਪੰਜਾਬ ਦੇ ਗਵਰਨਰ ਰਾਹੀਂ ਭੇਜੇ ਮੰਗ ਪੱਤਰ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਝੂਠੇ ਕੇਸ ਮੜ੍ਹ ਕੇ, ਦੇਸ਼ ਦੇ ਰੌਸ਼ਨ ਦਿਮਾਗ ਵਿਦਵਾਨਾਂ ਦੀ ਰਿਹਾਈ ਲਈ ਜੇ ਲੋਕ ਆਵਾਜ਼ ਪ੍ਰਵਾਨ ਨਾ ਕੀਤੀ ਗਈ ਤਾਂ ਸਮੂਹ ਮਿਹਨਤਕਸ਼ ਤਬਕੇ, ਬੁੱਧੀਮਾਨ ਹਲਕੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਇੱਕ ਆਵਾਜ਼ ਹੋ ਕੇ ਰਿਹਾਈ ਲਈ ਰੋਸ ਪ੍ਰਦਰਸ਼ਨ ਕਰਨਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 6 ਜੂਨ ਤੋਂ ਬੁੱਧੀਜੀਵੀਆਂ ਦੀ ਰਿਹਾਈ ਲਈ ਚਲਾਈ ਜਾ ਰਹੀ ‘ਚੇਤਨਾ ਅਤੇ ਆਵਾਜ਼ ਉਠਾਓ’ ਪੰਦਰਵਾੜਾ ਮੁਹਿੰਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜ਼ੋਰਦਾਰ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ 6 ਜੂਨ, 2018 ਨੂੰ ਭੀਮਾ ਕੋਰੇਗਾਓਂ ਮਨਘੜਤ ਕੇਸ ਵਿੱਚ ਮੋਦੀ ਹਕੂਮਤ ਨੇ ਪਹਿਲਾਂ ਸੁਰਿੰਦਰ ਗੈਰਲਿੰਗ, ਸੁਧੀਰ ਧਾਵਲੇ, ਰੋਨਾ ਵਿਲਸਨ, ਸੋਮਾ ਸੇਨ, ਮਾਹੇਸ਼ ਰਾਊਤ ਨੂੰ ਜੇਲ੍ਹ ’ਚ ਡੱਕਿਆ। ਉਸ ਉਪਰੰਤ 28 ਅਗਸਤ 2018 ਨੂੰ ਪੂਨਾ ਪੁਲੀਸ ਨੇ ਵਰਵਰਾ ਰਾਓ, ਸੁਧਾ ਭਾਰਦਵਾਜ, ਅਰੁਣ ਫਰੇਰਾ ਅਤੇ ਗੌਤਮ ਨਵਲੱਖਾ ਨੂੰ ਪਹਿਲਾਂ ਘਰ ’ਚ ਨਜ਼ਰਬੰਦ ਕੀਤਾ ਅਤੇ ਫਿਰ ਜੇਲ੍ਹ ਭੇਜ ਦਿੱਤਾ। ਆਨੰਦ ਤੇਲਤੁੰਬੜੇ, ਪ੍ਰੋ. ਹਨੀ ਬਾਬੂ, ਫਾਦਰ ਸਟੇਨ ਸੁਆਮੀ ਅਤੇ ਦਰਜਨਾਂ ਬੁੱਧੀਜੀਵੀਆਂ ਨੂੰ ਜੇਲ੍ਹਾਂ ਅੰਦਰ ਹੀ ਦਮ ਤੋੜ ਦੇਣ ਵਰਗੀਆਂ ਹਾਲਤਾਂ ਵਿੱਚ ਡੱਕ ਰੱਖਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਨੇ ਮੋਦੀ ਹਕੂਮਤ ’ਤੇ ਦੋਸ਼ ਲਾਇਆ ਹੈ ਕਿ ਉਹ ਫਾਸ਼ੀ ਹੱਲੇ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਗੰਭੀਰ ਰੋਗਾਂ ਤੋਂ ਪੀੜਤ ਵਿਦਵਾਨਾਂ ਨੂੰ ਜ਼ਮਾਨਤ ਨਾ ਦੇਣ, ਹਸਪਤਾਲਾਂ ਦਾ ਪ੍ਰਬੰਧ ਨਾ ਕਰਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਦੇ ਦਮ ਤੋੜਣ ’ਤੇ ਵੀ ਜ਼ਮਾਨਤ ਨਾ ਦੇਣ ਵਰਗੇ ਘਿਨੌਣੇ ਕਦਮ ਚੁੱਕ ਰਹੀ ਹੈ। ਇਸ ਦੀ ਤਾਜ਼ਾ ਉਦਾਹਰਨ ਨਤਾਸ਼ਾ ਨਰਵਾਲ ਨਾਲ ਉਸ ਦੇ ਪਿਤਾ ਪ੍ਰੋ. ਮਹਾਵੀਰ ਨਰਵਾਲ ਦੀ ਮੌਤ ਵੇਲੇ ਵਿਹਾਰ ਕਰਨ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਅਗਲੇ ਦਿਨਾਂ ਵਿੱਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬੁੱਧੀਜੀਵੀਆਂ ਦੀ ਰਿਹਾਈ ਲਈ ਵਿਸ਼ੇਸ਼ ਵਿਚਾਰ ਚਰਚਾ ਅਤੇ ਇਕੱਤਰਤਾ ਵੀ ਕਰੇਗੀ।