ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਅਕਤੂਬਰ
ਕਰੋਨਾ ਨੇ ਪੜ੍ਹਾਈ ਤੇ ਪੜ੍ਹਾਉਣ ਦੇ ਢੰਗ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਨਿੱਜੀ ਸਕੂਲਾਂ ਨੇ ਆਨਲਾਈਨ ਪੜ੍ਹਾਈ ਵਾਲੀਆਂ ਐਪਲੀਕੇਸ਼ਨਜ਼ ਜ਼ੂਮ ਤੇ ਗੂਗਲ ਮੀਟ ਵਿੱਚ ਖਾਮੀਆਂ ਹੋਣ ਕਾਰਨ ਆਨਲਾਈਨ ਸਪੇਸ ਲੈਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਾਜੈਕਟ ਤਹਿਤ ਨਿੱਜੀ ਸਕੂਲ ਸਾਫਟਵੇਅਰ ਕੰਪਨੀਆਂ ਨਾਲ ਕਰਾਰ ਕਰ ਰਹੇ ਹਨ ਤੇ ਕਈ ਸਕੂਲਾਂ ਨੇ ਇਸ ਪ੍ਰਾਜੈਕਟ ਨੂੰ ਆਪਣੇ ਸਕੂਲਾਂ ਵਿਚ ਵਰਤਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੇ ਕਈ ਸਕੂਲਾਂ ਨੇ ਇਸ ਸਬੰਧੀ ਪਿਛਲੇ ਹਫਤੇ ਹੀ ਸਾਫਟਵੇਅਰ ਕੰਪਨੀਆਂ ਨਾਲ ਕਰਾਰ ਕੀਤੇ ਹਨ ਤੇ ਪੰਜਾਬ ਦੇ ਵੀ ਕਈ ਸਕੂਲ ਇਸ ਯੋਜਨਾ ’ਤੇ ਕੰਮ ਕਰ ਰਹੇ ਹਨ। ਇਸ ਪ੍ਰਾਜੈਕਟ ਲਈ ਸਾਫਟਵੇਅਰ ਕੰਪਨੀਆਂ ਸਕੂਲਾਂ ਤੋਂ ਸਾਲਾਨਾ ਰੱਖ ਰਖਾਅ ਤੇ ਖਰਚੇ ਵਜੋਂ ਇਕ ਤੋਂ ਦੋ ਲੱਖ ਰੁਪਏ ਤੱਕ ਲੈਣਗੀਆਂ।
ਇਸ ਵੇਲੇ ਜ਼ਿਆਦਾਤਰ ਸਕੂਲ ਜ਼ੂਮ ਤੇ ਗੂਗਲ ਮੀਟ ਐਪਜ਼ ਰਾਹੀਂ ਹੀ ਪੜ੍ਹਾਈ ਕਰਵਾ ਰਹੇ ਹਨ ਪਰ ਇਨ੍ਹਾਂ ਐਪਜ਼ ਵਿਚ ਕਈ ਖਾਮੀਆਂ ਤੇ ਨਿੱਜਤਾ ਦੀ ਸਮੱਸਿਆ ਕਾਰਨ ਸਕੂਲਾਂ ਨੇ ਸਾਫਟਵੇਅਰ ਕੰਪਨੀਆਂ ਨਾਲ ਰਾਬਤਾ ਬਣਾਇਆ ਹੈ। ਇਸ ਵੇਲੇ ਜ਼ਿਆਦਾਤਰ ਸਕੂਲ ਉਪਰੋਕਤ ਐਪਲੀਕੇਸ਼ਨਜ਼ ਰਾਹੀਂ ਰੋਜ਼ਾਨਾ ਬੱਚਿਆਂ ਨੂੰ ਲਿੰਕ ਭੇਜਦੇ ਹਨ ਤੇ ਵਿਦਿਆਰਥੀ ਉਸ ਲਿੰਕ ’ਤੇ ਜਾ ਕੇ ਜਮਾਤ ਲਾਉਂਦੇ ਹਨ ਪਰ ਜ਼ੂਮ ਵਿਚ ਇਕ ਲਿੰਕ ’ਚ 40 ਮਿੰਟ ਹੀ ਪੜ੍ਹਾਉਣ ਦੀ ਸਹੂਲਤ ਹੈ। ਇਸ ਤੋਂ ਬਾਅਦ ਇਹ ਐਪ ਆਪਣੇ ਆਪ ਡਿਸਕੁਨੈਕਟ ਹੋ ਜਾਂਦੀ ਹੈ ਤੇ ਅਧਿਆਪਕ ਨੂੰ ਦੂਜੇ ਲਿੰਕ ਭੇਜ ਕੇ ਇਹ ਸਹੂਲਤ ਲੈਣੀ ਪੈਂਦੀ ਹੈ। ਪੇਡ ਜ਼ੂਮ ਐਪਲੀਕੇਸ਼ਨ ਹੋਰ ਸਾਫਟਵੇਅਰ ਕੰਪਨੀਆਂ ਦੇ ਮੁਕਾਬਲੇ ਕਿਤੇ ਮਹਿੰਗੀ ਹੈ ਤੇ ਪੇਡ ਗੂਗਲ ਮੀਟ ਲੈਣ ਲਈ ਲੰਬੀ ਵੇਟਿੰਗ ਚਲ ਰਹੀ ਹੈ।
ਆਨਲਾਈਨ ਪੜ੍ਹਾਈ ’ਚ ਅਸ਼ਲੀਲ ਸਮੱਗਰੀ ਆਉਣ ਕਾਰਨ ਸਮੱਸਿਆ
ਇਸ ਵੇਲੇ ਲਗਪਗ ਹਰ ਸਕੂਲ ਦੀਆਂ ਆਨਲਾਈਨ ਜਮਾਤਾਂ ਦੌਰਾਨ ਸ਼ਰਾਰਤੀ ਅਨਸਰ ਕਲਾਸਾਂ ਵਿਚ ਦਾਖਲ ਹੋ ਰਹੇ ਹਨ। ਜ਼ੂਮ ਤੇ ਗੂਗਲ ਮੀਟ ਰਾਹੀਂ ਅਧਿਆਪਕਾਂ ਵੱਲੋਂ ਭੇਜਿਆ ਲਿੰਕ ਬੱਚੇ ਆਪਣੇ ਦੋਸਤਾਂ ਜਾਂ ਹੋਰਾਂ ਨਾਲ ਸ਼ੇਅਰ ਕਰਦੇ ਹਨ ਜੋ ਕਿਸੇ ਜਮਾਤ ਦੇ ਬੱਚੇ ਦੇ ਫਰਜ਼ੀ ਨਾਂ ’ਤੇ ਵਰਚੁਅਲ ਕਲਾਸ ਰੂਮ ਵਿਚ ਦਾਖਲ ਹੁੰਦੇ ਹਨ ਤੇ ਅਸ਼ਲੀਲ ਸਮੱਗਰੀ ਪਾ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਇਸ ਸਬੰਧੀ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਤੇ ਪੁਲੀਸ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ।
ਨਵੇਂ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਨੂੰ ਬਿਨਾਂ ਲਿੰਕ ਤੋਂ ਮਿਲੇਗੀ ਪੜ੍ਹਨ ਸਮੱਗਰੀ
ਸਾਫਟਵੇਅਰ ਮਾਹਿਰ ਅਨਮੋਲ ਪ੍ਰੀਤ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਸਕੂਲਾਂ ਵਲੋਂ ਆਨਲਾਈਨ ਪਲੇਟਫਾਰਮ ਖਰੀਦਣ ਅਤੇ ਕਿਰਾਏ ’ਤੇ ਲੈਣ ਲਈ ਰੋਜ਼ਾਨਾ ਰਾਬਤਾ ਬਣਾਇਆ ਜਾ ਰਿਹਾ ਹੈ। ਕਈ ਸਕੂਲ ਇਹ ਸ਼ਿਕਾਇਤਾਂ ਕਰਦੇ ਹਨ ਕਿ ਅਧਿਆਪਕਾਂ ਨੂੰ ਰੋਜ਼ਾਨਾ ਕਈ ਕਈ ਲਿੰਕ ਬਣਾਉਣੇ ਪੈਂਦੇ ਹਨ ਤੇ ਬੱਚਿਆਂ ਨਾਲ ਸ਼ੇਅਰ ਕਰਨੇ ਪੈਂਦੇ ਹਨ ਪਰ ਨਵੇਂ ਪ੍ਰਾਜੈਕਟ ਰਾਹੀਂ ਸਕੂਲ ਵੱਲੋਂ ਹਰ ਬੱਚੇ ਦੀ ਆਈਡੀ ਬਣਾਈ ਜਾਵੇਗੀ ਅਤੇ ਲਿੰਕ ਭੇਜਣ ਦੀ ਥਾਂ ਬੱਚੇ ਦੇ ਅਕਾਊਂਟ ਵਿੱਚ ਅਧਿਆਪਕਾਂ ਵੱਲੋਂ ਸਿੱਧੇ ਹੀ ਪੜ੍ਹਨ ਸਮੱਗਰੀ ਭੇਜ ਦਿੱਤੀ ਜਾਵੇਗੀ। ਇਸ ਆਈਡੀ ਵਿਚ ਪਾਸਵਰਡ ਦਰਜ ਕਰਨ ਤੋਂ ਬਾਅਦ ਹੀ ਬੱਚੇ ਸਕੂਲ ਦੇ ਵਰਚੁਅਲ ਕਲਾਸ ਰੂਮ ਵਿਚ ਦਾਖਲ ਹੋਣਗੇ ਤੇ ਕੋਈ ਹੋਰ ਉਨ੍ਹਾਂ ਦੀ ਥਾਂ ਜਮਾਤ ਨਹੀਂ ਲਾ ਸਕੇਗਾ।