ਭਗਵਾਨ ਦਾਸ ਸੰਦਲ
ਦਸੂਹਾ, 24 ਸਤੰਬਰ
ਇਥੋਂ ਨੇੜਲੇ ਪਿੰਡ ਡਡਿਆਲ ਵਿੱਚ ਪੰਚਾਇਤੀ ਜੰਗਲ ਦੇ 2322 ਖੈਰ ਦੇ ਦਰੱਖਤਾਂ ਦੀ ਕਥਿਤ ਤੌਰ ’ਤੇ ਗਲਤ ਮਾਰਕਿੰਗ ਕਾਰਨ ਪੰਚਾਇਤ ਨੂੰ ਹੋਣ ਵਾਲੇ ਕਰੋੜਾਂ ਰੁਪਏ ਨੁਕਸਾਨ ਦੇ ਖਦਸ਼ੇ ਦੇ ਚੱਲਦਿਆ 30 ਸਤੰਬਰ ਨੂੰ ਹੋਣ ਵਾਲੀ ਨਿਲਾਮੀ ਰੋਕਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਐਡਵੋਕੇਟ ਸ਼ੁਭ ਸਰੋਚ ਨੇ ਦੱਸਿਆ ਕਿ ਪਿੰਡ ਦੇ ਪੰਚਾਇਤੀ ਜੰਗਲ ਵਿੱਚ ਖੈਰ ਦੇ ਸਿਰਫ ਅੱਧੇ ਹੀ ਰੁੱਖਾਂ ਦੀ ਮਾਰਕਿੰਗ ਹੋਈ ਹੈ ਜਦੋਕਿ ਦੋ ਗੁਣਾਂ ਰੁੱਖ ਮਾਰਕਿੰਗ ਤੋਂ ਵਾਂਝੇ ਹਨ ਜਿਨਾਂ ਦੀ ਨਜ਼ਾਇਜ਼ ਕਟਾਈ ਨਾਲ ਪੰਚਾਇਤ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗੇਗਾ। ਉਨ੍ਹਾਂ ਮੰਗ ਕੀਤੀ ਕਿ ਖੈਰ ਮਾਫ਼ੀਆ ਤੋਂ ਦਰੱਖਤਾਂ ਨੂੰ ਬਚਾਇਆ ਜਾਵੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾ 31 ਮਾਰਚ 2021 ਨੂੰ ਨਿਲਾਮੀ ਹੋਣੀ ਤੈਅ ਹੋਈ ਸੀ ਪਰ ਪਿੰਡ ਵਾਸੀਆਂ ਵੱਲੋਂ ਦਰਖਤਾਂ ਦੀ ਗਲਤ ਮਾਰਕਿੰੰਗ ਦਾ ਮਾਮਲਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਦਾਂ ਗਿਆ। ਜਿਸ ਮਗਰੋਂ ਪੰਚਾਇਤ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਣ ਦੇ ਖਦਸ਼ੇ ਦੇ ਚੱਲਦਿਆ ਮੁੱਖ ਵਣਪਾਲ (ਹਿਲਜ਼) ਸੌਰਵ ਗੁਪਤਾ ਨੇ ਵਣਪਾਲ ਨੋਰਥ ਸਰਕਲ ਹੁਸ਼ਿਆਰਪੁਰ ਅਤੇ ਡੀ.ਐੱਫ.ਓ ਦਸੂਹਾ ਨੂੰ ਹਦਾਇਤ ਜਾਰੀ ਕੀਤੀ ਕਿ ਕੋਈ ਵੀ ਪਰਮਿਟ ਜਾਰੀ ਕਰਨ ਤੋਂ ਪਹਿਲਾ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਮਾਰਕਿੰਗ ਸਬੰਧੀ ਜਾਂਚ ਕਰਵਾਈ ਜਾਵੇ। ਬਾਅਦ ਵਿੱਚ ਡੀਐੱਫਓ ਅਜਿਨ ਦੇਵ ਦੀ ਅਗਵਾਈ ਹੇਠ ਗਠਿਤ ਟੀਮ ਵੱਲੋ ਜਾਂਚ ਦੌਰਾਨ ਵੱਡੀ ਗਿਣਤੀ ’ਚ ਬਿਨਾਂ ਮਾਰਕ ਕੀਤੇ ਰੁੱਖ ਪਾਏ ਗਏ ਅਤੇ ਅਧਿਕਾਰੀਆਂ ਨੇ ਦਰਖਤਾਂ ਦੀ ਦੁਬਾਰਾ ਮਾਰਕਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਵਿਭਾਗੀ ਅਧਿਕਾਰੀਆਂ ਵੱਲੋਂ ਸਿਆਸੀ ਸ਼ਹਿ ’ਤੇ ਬਿਨਾ ਮਾਰਕਿੰਗ ਕੀਤੇ ਪੁਰਾਣੀ ਅਸੈਸਮੈਂਟ ਮੁਤਾਬਕ ਹੀ 30 ਸਤੰਬਰ ਨੂੰ ਮੁੜ ਨਿਲਾਮੀ ਕਰਵਾਈ ਜਾ ਰਹੀ ਹੈ। ਐਡਵੋਕੇਟ ਸ਼ੁਭ ਸਰੋਚ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਦਾ ਪਤੀ ਅਤੇ ਲੜਕਾ ਖੈਰ ਦੇ ਦਰਖਤਾਂ ਦੇ ਕਥਿਤ ਠੇਕੇਦਾਰ ਹਨ।ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ 30 ਸਤੰਬਰ ਨੂੰ ਹੋਣ ਵਾਲੀ ਖੈਰ ਦੇ ਦਰੱਖਤਾਂ ਦੀ ਬੋਲੀ ਰੱਦ ਕੀਤੀ ਜਾਵੇ।