ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਮਾਰਚ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਵਿਖੇ ਰੱਖੇ ਇਕ ਬੰਬ ਦੇ ਖੋਲ ਨੂੰ ਹਟਾਉਣ ਦੀ ਮੰਗ ਉਭਰੀ ਹੈ। ਇਹ ਮੰਗ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਵਲੋਂ ਕੀਤੀ ਗਈ ਹੈ। ਉਨ੍ਹਾਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਆਪਣੇ ਹਮਰੁਤਬਾ ਇਮਰਾਨ ਖਾਨ ਨੂੰ ਗੁਰਦੁਆਰਾ ਕੈਂਪਸ ਵਿਚੋਂ ਇਸ ਬੰਬ ਦੇ ਖੋਲ ਨੂੰ ਤੁਰੰਤ ਹਟਾਉਣ ਵਾਸਤੇ ਆਖਣ। ਹਾਲ ਹੀ ਵਿਚ ਭਾਜਪਾ ਵਿੱਚ ਸ਼ਾਮਲ ਹੋਏ ਦਮਦਮੀ ਟਕਸਾਲ ਨਾਲ ਸਬੰਧਤ ਸਿੱਖ ਆਗੂ ਨੇ ਇਸ ਮੁੱਦੇ ਨੂੰ ਉਭਾਰਦਿਆਂ ਦੋਸ਼ ਲਾਇਆ ਕਿ ਪਾਕਿਸਤਾਨ ਵਲੋਂ ਇਸ ਰਾਹੀਂ ਸਿੱਧੇ ਤੇ ਅਸਿੱਧੇ ਢੰਗ ਨਾਲ ਸਿੱਖ ਸੰਗਤਾਂ ਦੇ ਮਨਾਂ ਵਿਚ ਭਾਰਤ ਵਿਰੋਧੀ ਭਾਵਨਾਵਾਂ ਨੂੰ ਉਕਸਾਉਣ ਦਾ ਯਤਨ ਕੀਤਾ ਗਿਆ ਹੈ। ਗੁਰਦੁਆਰਾ ਕਰਤਾਰਪੁਰ ਬਾਹਰ ਮਜਾਰ ਕੋਲ ਬੁਰਜੀ ’ਤੇ ਸ਼ੀਸ਼ੇ ਦੇ ਇਕ ਸ਼ੋਅਕੇਸ ਵਿਚ ਇਸ ਬੰਬ ਦੇ ਖੋਲ ਨੂੰ ਪ੍ਰਦਰਸ਼ਨ ਲਈ ਰੱਖਿਆ ਹੋਇਆ ਹੈ। ਇਸ ’ਤੇ ਲਿਖਿਆ ਹੈ ਕਿ ਇਹ ਬੰਬ ਭਾਰਤੀ ਹਵਾਈ ਸੈਨਾ ਨੇ 1971 ਦੀ ਜੰਗ ਵੇਲੇ ਗੁਰਦੁਆਰੇ ਨੂੰ ਨਸ਼ਟ ਕਰਨ ਦੇ ਮੰਤਵ ਨਾਲ ਸੁੱਟਿਆ ਸੀ ਪਰ ਇਹ ਬੰਬ ਖੂਹ ਵਿਚ ਡਿੱਗਾ ਅਤੇ ਗੁਰਦੁਆਰਾ, ਸਮਾਧ ਅਤੇ ਮਜਾਰ ਨਸ਼ਟ ਹੋਣ ਤੋਂ ਬਚ ਗਏ। ਇਹ ਉਹੀ ਖੂਹ ਹੈ, ਜਿਸ ਵਿੱਚੋਂ ਗੁਰੂ ਨਾਨਕ ਦੇਵ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਪਾਣੀ ਕੱਢਦੇ ਸਨ। ਸਿੱਖ ਆਗੂ ਨੇ ਕਿਹਾ ਕਿ ਪਾਕਿਸਤਾਨ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਬੰਬ ਦਾ ਖੋਲ ਜੰਗ ਤੋਂ ਲੰਮਾ ਸਮਾਂ ਬਾਅਦ ਉਦੋਂ ਮਿਲਿਆ ਸੀ, ਜਦੋਂ ਖੂਹ ਦੀ ਸਫਾਈ ਕੀਤੀ ਗਈ ਸੀ, ਜੋ ਗਲਤ ਹੈ।