ਖੇਤਰੀ ਪ੍ਰਤੀਨੀਧ
ਪਟਿਆਲਾ, 15 ਜੁਲਾਈ
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਨਿਗੂਣੀਆਂ ਤਨਖ਼ਾਹਾਂ ’ਤੇ ਕਰੋਨਾ ਵਾਰਡ ਵਿਚ ਸੇਵਾਵਾਂ ਨਿਭਾ ਰਹੇ ਠੇਕਾ ਆਧਾਰਤ ਨਰਸਿੰਗ ਸਟਾਫ਼ ਨੇ ਮੰਗ ਕੀਤੀ ਹੈ ਕਿ ਨਵੀਂ ਭਰਤੀ ਤੋਂ ਪਹਿਲਾਂ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰੇ। ਨਵੀਂ ਭਰਤੀ ਪ੍ਰਕਿਰਿਆ ਨੂੰ ਇਹ ਸਟਾਫ਼ ਆਪਣੀਆਂ ਨੌਕਰੀਆਂ ਲਈ ਖ਼ਤਰਾ ਮਹਿਸੂਸ ਕਰ ਰਿਹਾ ਹੈ। ਰੈਗੂਲਰ ਨਾ ਕਰਨ ਦੀ ’ਤੇ ਉਨ੍ਹਾਂ ਨੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਮੈਡੀਕਲ ਸੁਪਰਡੈਂਟ ਨੂੰ ਮਿਲੇ ਵਫ਼ਦ ਦੀ ਅਗਵਾਈ ਕਰਦਿਆਂ, ਐਸੋਸੀਏਸ਼ਨ ਦੀ ਪ੍ਰੈੱਸ ਸਕੱਤਰ ਭੁਪਿੰਦਰਪਾਲ ਕੌਰ ਨੇ ਕਿਹਾ ਕਿ 2018 ਵਿਚ ਸਰਕਾਰ ਵੱਲੋਂ 282 ਸਟਾਫ਼ ਨਰਸਾਂ ਦੀਆਂ ਖਾਲੀ ਅਸਾਮੀਆਂ ’ਤੇ ਜੋ ਠੇਕੇ ’ਤੇ ਭਰਤੀ ਕੀਤੀ ਗਈ ਸੀ, ਉਹ ਰੈਗੂਲਰ ਸਟਾਫ਼ ਵਾਂਗ ਹੀ ਨਿਯਮਾਂ ਤਹਿਤ ਹੋਈ ਸੀ। ਬਾਕੀਆਂ ਵੱਲੋਂ ਨੌਕਰੀ ਛੱਡ ਦੇਣ ਕਾਰਨ ਹੁਣ ਸੌ ਦੇ ਕਰੀਬ ਨਰਸਾਂ ਕਾਰਜਸ਼ੀਲ ਹਨ, ਜੋ ਇਨ੍ਹੀਂ ਦਿਨੀਂ ਕਰੋਨਾ ਵਾਰਡਾਂ ਵਿਚ ਡਿਊਟੀਆਂ ਨਿਭਾਉਂਦਿਆਂ ਫਰੰਟ ਲਾਈਨ ’ਤੇ ਜੂਝ ਰਹੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਦਸ ਹਜ਼ਾਰ ਰੁਪਏ ਹੀ ਤਨਖਾਹ ਮਿਲ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰ ਕੇ ਪੂਰੀਆਂ ਤਨਖ਼ਾਹਾਂ ਯਕੀਨੀ ਬਣਾਵੇ। ਅਜਿਹਾ ਨਾ ਹੋਣ ’ਤੇ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਸਬੰਧੀ ਰੂਪ ਰੇਖਾ ਉਲੀਕਣ ਲਈ 16 ਜੁਲਾਈ ਨੂੰ 11 ਵਜੇ ਜਥੇਬੰਦੀ ਦੀ ਮੀਟਿੰਗ ਸੱਦੀ ਗਈ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਗੁਰਤੇਜ ਸਿੰਘ, ਬਬਿੇਕਜੋਤ ਸਿੰਘ, ਜਸਪ੍ਰੀਤ ਕੌਰ, ਗੁਰਦੀਪ ਸਿੰਘ ਨੇ ਵੀ ਸੇਵਾਵਾਂ ਰੈਗੂਲਰ ਕਰਨ ’ਤੇ ਜ਼ੋਰ ਦਿੱਤਾ।