ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਪਰੈਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਬਰਗਾੜੀ ਬੇਅਦਬੀ ਮਾਮਲੇ ਦੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਸਰਕਾਰ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਕਮੇਟੀ ਬਣਾ ਕੇ ਸੰਗਤ ਨੂੰ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾਧਾਰੀਆਂ ਦੀ ਨੀਅਤ ਤੇ ਨੀਤੀ ਸਾਫ਼ ਨਾ ਹੋਣ ਕਾਰਨ ਸੰਗਤ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ।
ਮਾਨ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ, ਜਿਨ੍ਹਾਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ, ਨੇ ਪੰਜਾਬ ਦੀ ਮੁੱਖ ਸਕੱਤਰ ਅਤੇ ਪੰਜਾਬ ਦੇ ਪੁਲੀਸ ਮੁਖੀ ਨੂੰ ਪੱਤਰ ਰਾਹੀਂ ਦੱਸਿਆ ਕਿ ਬਰਗਾੜੀ ਬੇਦਅਬੀ ਮਾਮਲੇ ਦੇ ਗਵਾਹਾਂ ਨੂੰ ਗਵਾਹੀਆਂ ਨਾ ਦੇਣ ਲਈ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾ ਰਹੇ ਹਨ।
ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਭਾਵੇਂ ਸਰਕਾਰ ਬਰਗਾੜੀ ਮਾਮਲੇ ਦੀ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਹੀ ਢੰਗ ਨਾਲ ਰੱਖਣ ਵਿੱਚ ਕਾਮਯਾਬ ਨਹੀਂ ਹੋਈ ਪਰ ਹੁਣ ਮਾਮਲੇ ਦੇ ਗਵਾਹਾਂ ਨੂੰ ਉਚ ਪੱਧਰੀ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਤਾਂ ਜੋ ਸਾਰੇ ਗਵਾਹ ਬਿਨਾਂ ਡਰ ਤੋਂ ਅਦਾਲਤ ਵਿੱਚ ਗਵਾਹੀ ਦੇ ਕੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਸਕਣ। ਉਨ੍ਹਾਂ ਬਰਗਾੜੀ ਮਾਮਲੇ ਦੇ ਗਵਾਹਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੈ। ਜੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਪਵੇ ਤਾਂ ਉਹ ਪਾਰਟੀ ਆਗੂਆਂ ਨਾਲ ਸੰਪਰਕ ਕਰ ਸਕਦੇ ਹਨ।