ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਇਨਕਲਾਬੀ ਨਾਟਕਕਾਰ ਮਰਹੂਮ ਗੁਰਸ਼ਰਨ ਭਾਅਜੀ ਦੇ ਜੱਦੀ ਘਰ ਨੂੰ ਵਿਰਾਸਤ ਵਜੋਂ ਸੰਭਾਲਣ ਦੀ ਮੰਗ ਸਬੰਧੀ ਅੱਜ ਭਾਅਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਨੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦ ਰਾਹੀਂ ਮੰਗ ਪੱਤਰ ਭੇਜਿਆ। ਜ਼ਿਕਰਯੋਗ ਹੈ ਕਿ ਨਾਟਕਕਾਰ, ਲੇਖਕ, ਬੁੱਧੀਜੀਵੀ ਤੇ ਸਮਾਜ ਸੇਵੀ ਨਾਟਕਕਾਰ ਗੁਰਸ਼ਰਨ ਭਾਅਜੀ ਦੀ ਕਰਮਭੂਮੀ ਰਹੇ, ਉਨ੍ਹਾਂ ਦੇ ਅੰਮ੍ਰਿਤਸਰ ਦੇ ਰਣਜੀਤਪੁਰਾ ਸਥਿਤ ਜੱਦੀ ਘਰ ਨੂੰ ਵਿਰਾਸਤ ਵਜੋਂ ਸੰਭਾਲਣ ਦੀ ਮੰਗ ਕਰ ਰਹੇ ਹਨ।
ਇੱਥੇ ਕਮੇਟੀ ਦੇ ਮੈਂਬਰਾਂ ਡਾ. ਪਰਮਿੰਦਰ ਸਿੰਘ, ਕੇਵਲ ਧਾਲੀਵਾਲ, ਰਮੇਸ਼ ਯਾਦਵ, ਸੁਮੀਤ ਸਿੰਘ, ਅਦਾਕਾਰ ਗੁਰਿੰਦਰ ਮਕਨਾ ਤੇ ਹੋਰ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਮੰਗ ਪੱਤਰ ਵਿੱਚ ਕਿਹਾ ਕਿ ਭਾਅਜੀ ਗੁਰਸ਼ਰਨ ਸਿੰਘ ਦੀ ਸਿਰਫ਼ ਪੰਜਾਬ ਦੇ ਲੋਕਾਂ ਜਾਂ ਪੰਜਾਬੀ ਰੰਗਮੰਚ ਨੂੰ ਹੀ ਦੇਣ ਨਹੀਂ ਸੀ, ਬਲਕਿ ਦੁਨੀਆ ਭਰ ਦੇ ਲੱਖਾਂ ਲੇਖਕਾਂ, ਰੰਗਕਰਮੀਆਂ ਤੇ ਪਾਠਕਾਂ ਲਈ ਉਹ ਰੋਲ ਮਾਡਲ ਸਨ। ਇਸ ਲਈ ਉਨ੍ਹਾਂ ਦਾ ਘਰ ਲੋਕਪੱਖੀ ਸ਼ਖ਼ਸੀਅਤ ਦੀਆਂ ਯਾਦਾਂ ਦਾ ਹਿੱਸਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਅੰਮ੍ਰਿਤਸਰ ਵਿਚਲੇ ਘਰ ‘ਗੁਰੂ ਖ਼ਾਲਸਾ ਨਿਵਾਸ’ ਨੂੰ ਵਿਰਾਸਤ ਵਜੋਂ ਜਿਉਂ ਦਾ ਤਿਉਂ ਸੰਭਾਲਣਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਵੇ ਅਤੇ ਇਥੇ ਉਨ੍ਹਾਂ ਦੀ ਢੁਕਵੀਂ ਯਾਦਗਾਰ ਸਥਾਪਿਤ ਕੀਤੀ ਜਾਵੇ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਯੋਗ ਕਾਰਵਾਈ ਹਿੱਤ ਇਹ ਪੱਤਰ ਮੁੱਖ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ।