ਪੱਤਰ ਪ੍ਰੇਰਕ
ਮਾਨਸਾ, 8 ਜੂਨ
ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਦੇਵੇ। ਨੌਜਵਾਨ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ, ਹੱਥਾਂ ਵਿੱਚ ਫੋਟੋਆਂ ਫੜ, ਸਿਰ ’ਤੇ ਦਸਤਾਰਾਂ ਸਜਾ ਕੇ ਪਹੁੰਚੇ। ਸਿੱਧੂ ਮੂਸੇਵਾਲਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੱਗਾਂ, ਮਿੱਠੇ ਪਾਣੀ ਦੀ ਛਬੀਲ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ। ਸ਼ਰਧਾਂਜਲੀ ਸਮਾਗਮ ਵਿੱਚ ਜੁੜੇ ਇੱਕਠ ਤੋਂ ਇਲਾਵਾ ਸਿਰਸਾ ਰੋਡ, ਠੂਠਿਆਂਵਾਲੀ ਰੋਡ, ਤਿੰਨਕੋਣੀ ਰੋਡ ਅਤੇ ਸ਼ਹਿਰ ਵਿੱਚ ਦੂਰ-ਦੂਰ ਤੱਕ ਜਾਮ ਲੱਗ ਗਿਆ। ਇਸੇ ਦੌਰਾਨ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰਾਂ ਦੀ ਅਣਗਹਿਲੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗ ਕੀਤੀ ਕਿ ਪੰਜਾਬ ਤੇ ਕੇਂਦਰ ਸਰਕਾਰ ਸਿੱਧੂ ਕਤਲ ਮਾਮਲੇ ਵਿੱਚ ਛੇਤੀ ਅਤੇ ਲਾਜ਼ਮੀ ਇਨਸਾਫ਼ ਦੇਵੇ। ਸੰਤ ਬਲਜੀਤ ਸਿੰਘ ਦਾਦੂਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਰਸਤੇ ਛੱਡ ਕੇ ਚੰਗੇ ਭਵਿੱਖ ਅਤੇ ਨੌਜਵਾਨੀ ਨੂੰ ਸੇਧ ਦੇਣ ਵਾਲੇ ਪਾਸੇ ਆਉਣ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਉਹ ਨੌਜਵਾਨੀ ਵਿੱਚੋਂ ਆਪਣਾ ਸ਼ੁਭ ਦੇਖਦੇ ਹਨ। ਉਨ੍ਹਾਂ ਆਪਣੇ ਪੁੱਤਰ ਦੀ ਯਾਦ ਵਿੱਚ ਲੋਕਾਂ ਨੂੰ ਇੱਕ ਪੌਦਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਤੋਂ ਸਿੱਧੂ ਕਤਲ ਮਾਮਲੇ ਵਿੱਚ ਇਨਸਾਫ ਮਿਲਣ ਦੀ ਆਸ ਹੈ, ਪਰ ਜੇਕਰ ਭਵਿੱਖ ਵਿੱਚ ਇਸ ਕਤਲ ਮਾਮਲੇ ਵਿੱਚ ਉਨ੍ਹਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਇਸ ਬਾਰੇ ਕਿਸੇ ਵੀ ਫੈਸਲੇ ’ਤੇ ਪ੍ਰਸ਼ੰਸਕਾਂ ਨੂੰ ਨਾਲ ਲੈ ਕੇ ਚੱਲਣਗੇ।