ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਜੁਲਾਈ
ਸਬ ਡਿਵੀਜਨ ਲਹਿਰਾਗਾਗਾ ਦੇ ਪਿੰਡ ਰੱਤਾਖੇੜਾ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹਦਾਇਤ ’ਤੇ ਪਾਰਟੀ ਦੇ ਸਕੱਤਰ ਜਰਨਲ ਮਹਿੰਦਰਪਾਲ ਸਿੰਘ ਦੀ ਅਗਵਾਈ ’ਚ ਜ਼ਿਲ੍ਹਾ ਟੀਮ ਨੇ ਐੱਨਆਈਏ ਦੇ ਚੰਡੀਗੜ੍ਹ ਸਥਿਤ ਦਫਤਰ ਦੇ ਸੱਦੇ ’ਤੇ ਕਥਿਤ ਖ਼ੁਦਕਸ਼ੀ ਕਰਨ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਂਝ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਿੰਡ ਰੱਤਾਖੇੜਾ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਸ ਖੁਦਕਸ਼ੀ ਨੂੰ ਹਿਰਾਸਤੀ ਮੌਤ ਕਰਾਰ ਦਿੰਦਿਆ ਕਿਹਾ ਕਿ ਸਰਕਾਰ ਅੰਮ੍ਰਿਤਧਾਰੀ ਸਿੱਖ ਸਵਰੂਪ ਦੇ ਨੌਜਵਾਨਾਂ ਨੂੰ ਚੱਕਣ ਲਈ ਸਖ਼ਤੀ ਦਾ ਏਜੰਡੇ ’ਤੇ ਚਲ ਰਹੀ ਹੈ। ਲਵਪ੍ਰੀਤ ਸਿੰਘ ਰੱਤਾਖੇੜਾ ਮਾਮਲੇ ਦੀ ਪੂਰਨ ਇਮਾਨਦਾਰੀ ਨਾਲ ਜੁਡੀਸ਼ਲ ਜਾਂਚ ਕਰਨ ਦੀ ਲੋੜ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਜੂਮਾ, ਬਹਾਦਰ ਸਿੰਘ ਭਸੋੜ ਅਤੇ ਹਰਭਜਨ ਸਿੰਘ ਹਾਜ਼ਰ ਸਨ।