ਪਾਲ ਸਿੰਘ ਨੌਲੀ
ਜਲੰਧਰ, 19 ਸਤੰਬਰ
ਯੁੱਗ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ 32ਵਾਂ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਇਆ ਗਿਆ। ਇਹ ਸਮਾਗਮ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਕਰਵਾਇਆ ਗਿਆ, ਜਿਸ ਦਾ ਆਗਾਜ਼ ਧਰਮਿੰਦਰ ਮਸਾਣੀ ਅਤੇ ਨਰਗਿਸ ਦੇ ਖੂਬਸੂਰਤ ਗੀਤਾਂ ਨਾਲ ਹੋਇਆ। ਪ੍ਰੋ. ਸੁਰਜੀਤ ਸਿੰਘ ਭੱਟੀ (ਡਾ.) ਨੇ ‘ਪਾਸ਼ ਰਚਨਾਵਲੀ ਅਤੇ ਅਜੋਕੀਆਂ ਚੁਣੌਤੀਆਂ’ ਵਿਸ਼ੇ ’ਤੇ ਕੁੰਜੀਵਤ ਭਾਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਮਿੱਟੀ ਦੇ ਜਾਏ ਪਾਸ਼ ਦਾ ਸਾਰਾ ਜੀਵਨ, ਸਾਹਿਤ ਸਿਰਜਣਾ, ਕਾਵਿ-ਸੰਸਾਰ ਅਤੇ ਉਸ ਦਾ ਦਰਦਨਾਕ ਵਿਛੋੜਾ ਗਵਾਹੀ ਭਰਦਾ ਹੈ ਕਿ ਉਹ ਸਮਾਜ ਦੀ ਸਿਰਜਕ ਮਿਹਨਤਕਸ਼ ਜਮਾਤ ਦਾ ਵਫ਼ਾਦਾਰ, ਸੂਖ਼ਮ ਅਤੇ ਸੂਰਮਾ ਪੁੱਤ ਬਣ ਕੇ ਜੀਵਿਆ ਅਤੇ ਮਰਿਆ। ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਾਡੀ ਬੰਦੇ ਹੋਣ ਦੀ ਸੰਵੇਦਨਾ ਦਾ ਚਿਰਾਂ ਤੋਂ ਦਮ ਘੁੱਟਿਆ ਜਾ ਰਿਹਾ ਹੈ, ਪਾਸ਼ ਦੀ ਕਵਿਤਾ ਨੇ ਇਸ ਮਾਰੂ ਹੱਲੇ ਨੂੰ ‘ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ’ ਕਵਿਤਾ ਵਿੱਚ ਬਹੁਤ ਦੇਰ ਪਹਿਲਾਂ ਹੀ ਜਾਣ ਲਿਆ ਸੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਨਾਮਵਰ ਕਵੀ ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਜੌਹਲ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਅਮੋਲਕ ਸਿੰਘ ਦੀ ਪ੍ਰਧਾਨਗੀ ’ਚ ਹੋਏ ਇਸ ਸਮਾਗਮ ’ਚ ਹੱਥ ਖੜ੍ਹੇ ਕਰਕੇ ਮਤੇ ਪਾਸ ਕੀਤੇ ਗਏ ਕਿ ਮੁਲਕ ਦੀਆਂ ਨਾਮਵਰ ਹਸਤੀਆਂ, ਲੇਖਕਾਂ, ਕਵੀਆਂ, ਰੰਗਕਰਮੀਆਂ, ਤਰਕਸ਼ੀਲ, ਜਮਹੂਰੀ ਸਮਾਜਿਕ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਮੜ੍ਹੀਆਂ ਪਾਬੰਦੀਆਂ ਖ਼ਤਮ ਕੀਤੀਆਂ ਜਾਣ। ਪੰਜਾਬੀ ਭਾਸ਼ਾ ਨੂੰ ਸਾਡੇ ਅਤੇ ਵੱਖ-ਵੱਖ ਸੂਬਿਆਂ ਵਿੱਚ ਦਰਕਿਨਾਰ ਕਰਨ ਦੇ ਬੋਲੇ ਹੱਲੇ ਬੰਦ ਕੀਤੇ ਜਾਣ। ਖੇਤੀ ਆਰਡੀਨੈਂਸ ਰੱਦ ਕਰਨ ਲਈ ਚੱਲ ਰਹੀ ਕਿਸਾਨ ਲਹਿਰ ਦੀ ਹਮਾਇਤ ਵਿੱਚ ਵੀ ਸਰੋਤਿਆਂ ਨੇ ਹੱਥ ਖੜ੍ਹੇ ਕਰਕੇ ਮਤੇ ਪਾਸ ਕੀਤੇ।
ਪ੍ਰੋ. ਸਤਿੰਦਰ ਔਲਖ (ਡਾ.) ਦੇ ਅਚਨਚੇਤ ਵਿਛੋੜੇ ਕਾਰਨ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੂੰ ਪੁੱਜੇ ਸਦਮੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਪਾਸ਼ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ (ਡਾ.) ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਵੰਡਿਆ ਗਿਆ। ਵਿਚਾਰ ਚਰਚਾ ਦੇ ਇਸ ਸੈਸ਼ਨ ਦਾ ਮੰਚ ਸੰਚਾਲਨ ਅਮੋਲਕ ਸਿੰਘ ਨੇ ਕੀਤਾ। ਸਮਾਗਮ ਦੇ ਦੂਜੇ ਸੈਸ਼ਨ ਕਵੀ ਦਰਬਾਰ ਵਿੱਚ ਸ਼ਬਦੀਸ਼, ਮੋਹਨ ਮਤਿਆਲਵੀ, ਹਰਵਿੰਦਰ ਭੰਡਾਲ, ਸੁਸ਼ੀਲ ਦੁਸਾਂਝ, ਹਰਮੀਤ ਵਿਦਿਆਰਥੀ, ਸੁਰਜੀਤ ਜੱਜ, ਰਸ਼ੀਦ ਅੱਬਾਸ ਮਾਲੇਰਕੋਟਲਾ, ਕੁਲਵੰਤ ਕੌਰ ਨਗਰ, ਲਖਵਿੰਦਰ ਜੌਹਲ, ਅੰਮ੍ਰਿਤਪਾਲ ਬੰਗੇ ਬਠਿੰਡਾ, ਦਰਸ਼ਨ ਖਟਕੜ ਤੇ ਸੁਰਜੀਤ ਪਾਤਰ ਨੇ ਨਜ਼ਮਾਂ ਦਾ ਖ਼ੂਬਸੂਰਤ ਰੰਗ ਪੇਸ਼ ਕੀਤਾ।
ਕਵੀ ਦਰਬਾਰ ਦਾ ਸਿਖਰ ਹੋ ਨਿੱਬੜੀ ਸੁਰਜੀਤ ਪਾਤਰ ਦੀ ਨਜ਼ਮ
ਸੁਰਜੀਤ ਪਾਤਰ ਵੱਲੋਂ ਐੱਨਡੀ ਟੀਵੀ ਇੰਡੀਆ ਦੇ ਪੱਤਰਕਾਰ ਰਵੀਸ਼ ਕੁਮਾਰ ਦੇ ਨਾਂ ਲਿਖੀ ਨਜ਼ਮ ਕਵੀ ਦਰਬਾਰ ਦਾ ਸਿਖਰ ਹੋ ਨਿੱਬੜੀ। ਨਜ਼ਮ ਬੋਲਦੀ ਹੈ ਕਿ ‘ਸਾਨੂੰ ਤੰਗ ਬਹੁਤ ਕਰਦਾ ਤੂੰ ਤਰਕ ਅਤੇ ਤਕਰਾਰ ਦੇ ਨਾਲ।’ ਕਵਿਤਾ ਦੇ ਇਨ੍ਹਾਂ ਬੋਲਾਂ ਦੇ ਨਾਲ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਪਾਤਰ ਨੇ ਕਿਹਾ ਕਿ, ‘ਕਵੀਆਂ ਦੇ ਸਿਵਿਆਂ ’ਚ ਦਹਿਕਦੇ ਅੰਗਿਆਰ ਕਦੇ ਠੰਢੇ ਨਹੀਂ ਹੁੰਦੇ।’ ਕਵੀ ਦਰਬਾਰ ਦਾ ਮੰਚ ਸੰਚਾਲਨ ਜਗੀਰ ਜੋਸਨ ਨੇ ਕੀਤਾ। ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਉੱਘੇ ਕਹਾਣੀਕਾਰ ਅਤਰਜੀਤ ਨੇ ਹਾਜ਼ਰੀਨ ਸਰੋਤਿਆਂ, ਵਿਦਵਾਨਾਂ ਤੇ ਕਵੀਆਂ ਦਾ ਧੰਨਵਾਦ ਕੀਤਾ।