ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਕਾਂਗਰਸ ਸਰਕਾਰ ਵੱਲੋਂ 840 ਬੱਸਾਂ ਦੀ ਖਰੀਦ ਵਿੱਚ ਹੋਏ ਕਥਿਤ 60 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਕ ਆਰਟੀਆਈ ਨਾਲ ਖੁਲਾਸਾ ਹੋਇਆ ਹੈ ਕਿ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਟਰਾਂਸਪੋਰਟ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਾ ਸਿਰਫ਼ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਨੂੰ 840 ਬੱਸਾਂ ਦੀ ਬਾਡੀ ਬਿਲਡਿੰਗ ਵਿੱਚ 4 ਲੱਖ ਰੁਪਏ ਪ੍ਰਤੀ ਬੱਸ ਦਾ ਘਾਟਾ ਸਹਿਣ ਦੀ ਪ੍ਰਵਾਨਗੀ ਦਿੱਤੀ, ਸਗੋਂ ਸਾਰੀਆਂ ਬੱਸਾਂ ਬਾਜ਼ਾਰ ਦੀ ਕੀਮਤ ’ਤੇ ਖਰੀਦੀਆਂ ਗਈਆਂ, ਜਦਕਿ ਕੰਪਨੀਆਂ ਇੰਨੇ ਵੱਡੇ ਆਰਡਰ ’ਤੇ ਪ੍ਰਤੀ ਬੱਸ 4 ਲੱਖ ਰੁਪਏ ਤੱਕ ਦੀ ਛੋਟ ਦਿੰਦੀਆਂ ਹਨ। ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ 840 ਬੱਸਾਂ ਦੀ ਖਰੀਦ ਤੇ ਬਾਡੀ ਬਿਲਡਿੰਗ ਵਿੱਚ ਕੁਲ 60 ਕਰੋੜ ਰੁਪਏ ਦਾ ਕਥਿਤ ਘੁਟਾਲਾ ਹੋਇਆ ਸੀ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਦੋ ਕੰਪਨੀਆਂ ਨੇ 8.20 ਲੱਖ ਤੇ 8.40 ਲੱਖ ਰੁਪਏ ਦੇ ਰੇਟ ਦਿੱਤੇ ਸਨ, ਪਰ ਟਰਾਂਸਪੋਰਟ ਮੰਤਰੀ ਨੇ ਜੈਪੁਰ ਦੀ ਕੰਪਨੀ ਨੂੰ 11.98 ਲੱਖ ਰੁਪਏ ਪ੍ਰਤੀ ਬੱਸ ਦਾ ਠੇਕਾ ਦਿੱਤਾ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ 4 ਲੱਖ ਰੁਪਏ ਪ੍ਰਤੀ ਬੱਸ ਦਾ ਘਾਟਾ ਪਿਆ ਹੈ।