ਗਗਨਦੀਪ ਅਰੋੜਾ
ਲੁਧਿਆਣਾ, 21 ਜਨਵਰੀ
ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ਵਿੱਚ 26 ਜਨਵਰੀ ਨੂੰ ਹੋ ਰਹੀ ਟਰੈਕਟਰ ਪਰੇਡ ਲਈ ਲੁਧਿਆਣਾ ਵਿੱਚ ਵੀ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਦੌਰਾਨ ਜਿੱਥੇ ਪਿੰਡਾਂ ਦੇ ਲੋਕ ਆਪਣੇ ਟਰੈਕਟਰ ਤਿਆਰ ਕਰ ਰਹੇ ਹਨ, ਉਥੇ ਹੀ ਸ਼ਹਿਰੀਆਂ ਵਿੱਚ ਵੀ ਖਾਸਾ ਉਤਸ਼ਾਹ ਦਿਖਾਈ ਦੇ ਰਹੇ ਹੈ। ਸ਼ਹਿਰੀ ਖੇਤਰ ਦੇ ਲੋਕ ਆਪਣੀਆਂ ਗੱਡੀਆਂ ’ਤੇ ਝੰਡੇ ਅਤੇ ਸਟਿੱਕਰ ਲਗਾ ਕੇ ਕਿਸਾਨ ਅੰਦੋਲਨ ਦੀ ਲਗਾਤਾਰ ਹਮਾਇਤ ਕਰ ਰਹੇ ਹਨ। ਇਸੇ ਕਾਰਨ ਕਿਸਾਨੀ ਝੰਡਿਆਂ ਅਤੇ ਸਟਿੱਕਰਾਂ ਦੀ ਸੇਲ ਵੀ ਕਾਫ਼ੀ ਵਧ ਗਈ ਹੈ। ਲੁਧਿਆਣਾ ਵਿੱਚ ਕਈ ਅਜਿਹੇ ਦੁਕਾਨਦਾਰ ਹਨ, ਜੋ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਝੰਡੇ ਅਤੇ ਸਟਿੱਕਰ ਬਿਨਾਂ ਮੁਨਾਫ਼ਾ ਕਮਾਏ ਲੋਕਾਂ ਨੂੰ ਦੇ ਰਹੇ ਹਨ। ਇੰਨਾ ਹੀ ਨਹੀਂ ਜੋ ਲੋਕ ਪੈਸੇ ਨਹੀਂ ਦੇ ਸਕਦੇ, ਉਨ੍ਹਾਂ ਨੂੰ ਇੱਥੋਂ ਮੁਫ਼ਤ ਝੰਡੇ ਤੇ ਸਟਿੱਕਰ ਦਿੱਤੇ ਜਾ ਰਹੇ ਹਨ। ਲੁਧਿਆਣਾ ਦੇ ਬੱਸ ਸਟੈਂਡ ਨੇੜੇ ਦੁਕਾਨਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਕੁੱਝ ਦੁਕਾਨਦਾਰ ਲਗਾਤਾਰ ਕਿਸਾਨੀ ਝੰਡਿਆਂ ਤੇ ਸਟਿੱਕਰਾਂ ਦੇ ਨਾਂ ’ਤੇ ਲੋਕਾਂ ਨੂੰ ਲੁੱਟ ਰਹੇ ਹਨ, ਇਸ ਲਈ ਉਨ੍ਹਾਂ ਆਪਣੀ ਦੁਕਾਨ ’ਤੇ ਕਿਸਾਨੀ ਝੰਡੇ ਤੇ ਸਟਿੱਕਰ ਕਿਸਾਨਾਂ ਨੂੰ ਸਹੀ ਮੁੱਲ ’ਤੇ ਦੇਣ ਲਈ ਮੰਗਵਾਏ। ਉਨ੍ਹਾਂ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ 10 ਰੁਪਏ ਤੋਂ ਲੈ ਕੇ 30 ਰੁਪਏ ਤਕ ਝੰਡਾ ਵੇਚ ਰਹੇ ਹਨ। ਸਟਿੱਕਰ ਤੇ ਹੋਰਨਾਂ ਚੀਜ਼ਾਂ ਦੇ ਰੇਟ ਵੱਖਰੇ ਹਨ। ਇਸੇ ਤਰ੍ਹਾਂ ਇੱਕ ਹੋਰ ਦੁਕਾਨਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਪਰੇਡ ਕਾਰਨ ਕਿਸਾਨੀ ਅੰਦੋਲਨ ਦੇ ਝੰਡਿਆਂ ਤੇ ਸਟਿੱਕਰਾਂ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਦਿਨ-ਰਾਤ ਝੰਡੇ ਤੇ ਸਟਿੱਕਰ ਤਿਆਰ ਕੀਤੇ ਜਾ ਰਹੇ ਹਨ।