ਪੱਤਰ ਪ੍ਰੇਰਕ
ਅਮਲੋਹ, 5 ਅਗਸਤ
ਜ਼ਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਐਡਵੋਕੇਟ ਅਸ਼ਵਨੀ ਅਬਰੋਲ ਨੇ ਕੇਂਦਰ ਸਰਕਾਰ ਤੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ 30 ਸਤੰਬਰ ਤੱਕ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵੱਲੋਂ ਟੀਡੀਐੱਸ ਰਿਟਰਨਾਂ ਭਰਨ ਦੀ ਆਖ਼ਰੀ ਮਿਤੀ 31 ਮਈ 2022 ਸੀ। ਰਿਟਰਨ ਭਰਨ ਤੋਂ ਬਾਅਦ ਸਿਸਟਮ ਰਾਹੀਂ ਪ੍ਰੋਸੈਸਿੰਗ ਹੋਣ ਵਿਚ ਘੱਟੋ-ਘੱਟ 10-15 ਦਿਨ ਦਾ ਸਮਾਂ ਲੱਗਦਾ ਹੈ, ਜਿਸ ਕਾਰਨ ਬਹੁਤ ਸਾਰੇ ਛੋਟੇ ਟੈਕਸ ਕਰਦਾਤਾਵਾਂ ਸਮੇਂ ਸਿਰ ਰਿਟਰਨ ਭਰਨ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਵਿਅਕਤੀਆਂ ਨੂੰ 30 ਸਤੰਬਰ ਤੱਕ ਰਿਟਰਨ ਭਰਨ ਦਾ ਸਮਾਂ ਦਿੱਤਾ ਜਾਵੇ ਅਤੇ ਉਨ੍ਹਾਂ ਤੋਂ ਕੋਈ ਜੁਰਮਾਨਾ ਨਾ ਲਿਆ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਚਾਰਟਿਡ ਅਕਾਊਟੈਂਟ ਅਤੇ ਵਕੀਲ ਕੇਂਦਰ ਸਰਕਾਰ ਦਾ ਟੈਕਸ ਇਕੱਠਾ ਕਰਨ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਸੋਸ਼ਲ ਸਕਿਉਰਿਟੀ ਯੋਜਨਾਵਾਂ ਦੀ ਸਹੂਲਤ ਦਿੱਤੀ ਜਾਵੇ।