ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਅਪੀਲ ਕੀਤੀ ਕਿ ਸਤਿੰਦਰ ਜੈਨ ਨੂੰ ਕੇਜਰੀਵਾਲ ਸਰਕਾਰ ਦੇ ਮੰਤਰੀ ਵਜੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ਕਿਉਂਕਿ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜੇਲ੍ਹ ਵਿਚ ਰਹਿੰਦਿਆਂ ਵੀ ਉਹ ਆਪਣੇ ਖ਼ਿਲਾਫ਼ ਕੇਸ ਦੇ ਗਵਾਹਾਂ ਤੇ ਸਹਿ-ਮੁਲਜ਼ਮਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਇਸ ਦੌਰਾਨ ਭਾਜਪਾ ਆਗੂ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੁਕੱਦਮਾ ਅਦਾਲਤ ਵਿੱਚ ਪੇਸ਼ ਕੀਤੇ ਵੀਡੀਓ ਸਬੂਤਾਂ ਅਤੇ ਹਲਫ਼ੀਆ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਇਹ ਜ਼ਿਕਰ ਹੈ ਕਿ ਸਤਿੰਦਰ ਜੈਨ ਵੱਲੋਂ ਜੇਲ੍ਹ ਵਿੱਚ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਅਤੇ ਸਹਿ-ਮੁਲਜ਼ਮਾਂ ਤੇ ਗਵਾਹਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਪਣੇ ਖ਼ਿਲਾਫ਼ ਕੇਸ ਵਿਚ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਮਨਜਿੰਦਰ ਸਿਰਸਾ ਨੇ ਕਿਹਾ ਕਿ ਇਹ ਜਿੱਥੇ ਜੇਲ੍ਹ ਮੈਨੂਅਲ ਦੀ ਉਲੰਘਣਾ ਹੈ, ਉੱਥੇ ਹੀ ਇਕ ਵੱਡਾ ਅਪਰਾਧ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਤਿੰਦਰ ਜੈਨ ਅਤੇ ਉਸ ਨੂੰ ਇਲੈਕਟ੍ਰਾਨਿਕ ਯੰਤਰ ਉਪਲੱਬਧ ਅਤੇ ਸਹਿ-ਮੁਲਜ਼ਮਾਂ ਤੇ ਗਵਾਹਾਂ ਨਾਲ ਮੁਲਾਕਾਤਾਂ ਕਰਵਾਉਣ ਵਾਲੇ ਜੇਲ੍ਹ ਅਧਿਕਾਰੀਆਂ ਦੇ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੈਨ ਦੇਸ਼ ਦੇ ਅਜਿਹੇ ਪਹਿਲੇ ਅਪਰਾਧੀ ਹਨ, ਜੋ ਕਿ ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਜੇਲ੍ਹ ਮੰਤਰੀ ਵਜੋਂ ਮੀਟਿੰਗਾਂ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਹ ਜੈਨ ਨੂੰ ਮੰਤਰੀ ਵਜੋਂ ਇਸ ਕਰ ਕੇ ਬਰਖ਼ਾਸਤ ਨਹੀਂ ਕਰ ਰਹੇ ਕਿਉਂਕਿ ਜੈਨ ਦੇ ਪਰਿਵਾਰ ਨੇ ਕੇਜਰੀਵਾਲ ਨੂੰ ਸਪਸ਼ਟ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਤਾਂ ਉਹ ਗੈਰ-ਕਾਨੂੰਨੀ ਲੈਣ ਦੇਣ ਦੀ ਸਾਰੀ ਜਾਣਕਾਰੀ ਜਨਤਕ ਕਰ ਦੇਣਗੇ।