ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 1 ਨਵੰਬਰ
ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਅੱਜ ਫ਼ਤਹਿਗੜ੍ਹ ਸਾਹਿਬ, ਸਰਹਿੰਦ ਅਤੇ ਪੀਰਜੈਨ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਡਾ. ਅਮਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ ਝੋਨੇ ਦੀ ਪੈਦਾਵਾਰ ਵਿਚ ਭਾਰੀ ਘਾਟ ਆਉਣ ਕਾਰਨ ਇਸ ਸਾਲ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਮਿਲਣਗੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਲਈ ਸੂਬਾ ਸਰਕਾਰ ਕੋਲ ਮਾਮਲਾ ਉਠਾਉਣਗੇ। ਇਸ ਮੌਕੇ ਸ੍ਰੀ ਨਾਗਰਾ ਨੇ ਮੰਗ ਕੀਤੀ ਜਿਨ੍ਹਾਂ ਕਿਸਾਨਾਂ ਦਾ ਕਟਾਈ ਤੋਂ ਬਾਅਦ ਝਾੜ ਘਟਿਆ ਹੈ ਸਰਕਾਰ ਉਸ ਕਿਸਾਨ ਨੂੰ ਮੁਆਵਜ਼ਾ ਦੇਵੇ। ਇਸ ਮੌਕੇ ਕਾਮਿਲ ਅਮਰ ਸਿੰਘ, ਸਾਬਕਾ ਚੇਅਰਮੈਨ ਤੇ ਕੌਂਸਲਰ ਗੁਲਸ਼ਨ ਰਾਏ ਬੌਬੀ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਰਪੰਚ ਦਵਿੰਦਰ ਸਿੰਘ ਜੱਲ੍ਹਾ ਹਾਜ਼ਰ ਸਨ।
ਲੋਕ ਸਭਾ ਮੈਂਬਰ ਵੱਲੋਂ ਦਾਣਾ ਮੰਡੀ ਖਮਾਣੋਂ ਦਾ ਦੌਰਾ
ਖਮਾਣੋਂ (ਜਗਜੀਤ ਕੁਮਾਰ): ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਅੱਜ ਸ਼ਾਮ ਅਨਾਜ਼ ਮੰਡੀ ਖਮਾਣੋਂ ਵਿੱਚ ਝੋਨੇ ਦੀ ਫਸਲ ਦਾ ਜ਼ਾਇਜ਼ਾ ਲਿਆ। ਇਸ ਉਪਰੰਤ ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਦੇ ਦਫਤਰ ਗਏ। ਇਸ ਮੌਕੇ ਗੋਬਿੰਦ ਗਊਧਾਮ ਗਊਸ਼ਾਲਾ ਖਮਾਣੋਂ ਦੇ ਪ੍ਰਧਾਨ ਰਮੇਸ਼ ਗਾਬਾ ਨੇ ਐੱਮਪੀ ਅਮਰ ਸਿੰਘ ਨੂੰ ਗਊਸ਼ਾਲਾ ਲਈ ਗ੍ਰਾਂਟ ਲੈਣ ਸਬੰਧੀ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ, ਡਾ. ਅਮਰਜੀਤ ਸੋਹਲ ਪ੍ਰਧਾਨ ਨਗਰ ਪੰਚਾਇਤ ਖਮਾਣੋਂ , ਬਲਾਕ ਕਾਂਗਰਸ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਸਰਬਜੀਤ ਸਿੰਘ ਜੀਤੀ ਮੌਜੂਦ ਸਨ।