ਚਰਨਜੀਤ ਭੁੱਲਰ
ਚੰਡੀਗੜ੍ਹ, 7 ਫਰਵਰੀ
ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਚਰਨਜੀਤ ਚੰਨੀ ਦੀ ਮੰਗ ਇਕਦਮ ਵਧ ਗਈ ਹੈ ਜਦੋਂਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇਸ ਮਾਮਲੇ ’ਚ ਪਛੜ ਗਏ ਹਨ। ਦਰਜਨਾਂ ਕਾਂਗਰਸੀ ਉਮੀਦਵਾਰਾਂ ਨਾਲ ਕੀਤੀ ਗੱਲਬਾਤ ’ਚ ਸਾਹਮਣੇ ਆਇਆ ਹੈ ਕਿ ਕਾਂਗਰਸੀ ਉਮੀਦਵਾਰ ਆਪੋ ਆਪਣੇ ਹਲਕੇ ਵਿਚ ਚੰਨੀ ਦਾ ਚੋਣ ਜਲਸਾ ਕਰਾਉਣਾ ਚਾਹੁੰਦੇ ਹਨ ਤਾਂ ਕਿ ਦਲਿਤ ਵੋਟ ਬੈਂਕ ਹਾਸਲ ਕੀਤਾ ਜਾ ਸਕੇ।
ਕਾਂਗਰਸ ਪਾਰਟੀ ਦੀ ਪੰਜਾਬ ਚੋਣਾਂ ’ਚ ਸਾਰੀ ਟੇਕ ਦਲਿਤ ਵੋਟ ਬੈਂਕ ’ਤੇ ਹੈ ਜੋ ਸਮੁੱਚੇ ਪੰਜਾਬ ਵਿਚ ਕਰੀਬ 32 ਫੀਸਦੀ ਬਣਦੀ ਹੈ। ਹੁਣ ਦੇਖਣਾ ਹੋਵੇਗਾ ਕਿ ਚੰਨੀ ਇਸ ਵੋਟ ਬੈਂਕ ’ਚੋਂ ਕਿੰਨਾ ਕੁ ਹਿੱਸਾ ਕਾਂਗਰਸ ਦੀ ਝੋਲੀ ਪਵਾਉਣ ਵਿਚ ਕਾਮਯਾਬ ਹੁੰਦੇ ਹਨ ਪਰ ਇਹ ਵੱਡੀ ਚੁਣੌਤੀ ਹੋਵੇਗੀ। ਮੁੱਖ ਮੰਤਰੀ ਕੋਲ ਚੋਣ ਪ੍ਰਚਾਰ ਲਈ ਸਿਰਫ਼ ਦਸ ਦਿਨ ਬਚੇ ਹਨ ਅਤੇ 117 ਵਿਧਾਨ ਸਭਾ ਹਲਕੇ ਹਨ। ਹਰ ਹਲਕੇ ’ਚੋਂ ਕਾਂਗਰਸੀ ਉਮੀਦਵਾਰ ਮੁੱਖ ਮੰਤਰੀ ਚੰਨੀ ਤੋਂ ਚੋਣ ਪ੍ਰਚਾਰ ਲਈ ਸਮਾਂ ਮੰਗ ਰਿਹਾ ਹੈ ਪਰ ਸਮਾਂ ਬਹੁਤ ਘੱਟ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਦੇ ਮਾਮਲੇ ਵਿਚ ਕਾਂਗਰਸ ਨਾਲੋਂ ਕਾਫ਼ੀ ਅੱਗੇ ਹਨ। ਉਂਜ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹਨ।
ਮੁੱਖ ਮੰਤਰੀ ਚੰਨੀ ਨੇ ਧਾਰਮਿਕ ਓਟ ਆਸਰਾ ਲੈਣ ਮਗਰੋਂ ਅੱਜ ਆਪਣਾ ਰਸਮੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਬਹੁਤਾ ਸਮਾਂ ਹੁਣ ਅੰਮ੍ਰਿਤਸਰ ਪੂਰਬੀ ਹਲਕੇ ਲਈ ਹੀ ਦਿੱਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਨਵਜੋਤ ਸਿੱਧੂ ਦੇ ਸਿਆਸੀ ਰਾਹ ਔਖ ਭਰੇ ਜਾਪਦੇ ਹਨ। ਆਪਣੇ ਵਿਰੋਧੀ ਬਿਕਰਮ ਸਿੰਘ ਮਜੀਠੀਆ ਨੂੰ ਪਛਾੜਨ ਲਈ ਸਿੱਧੂ ਨੂੰ ਦਿਨ ਰਾਤ ਮਿਹਨਤ ਕਰਨੀ ਪਵੇਗੀ। ਇਸ ਤੋਂ ਇਲਾਵਾ ਕਾਂਗਰਸ ਦਾ ਕੋਈ ਵੱਡਾ ਚਿਹਰਾ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ਵਿਚ ਹਾਲੇ ਨਹੀਂ ਨਿੱਤਰਿਆ।
ਕਾਂਗਰਸ ਦੇ ਉਮੀਦਵਾਰ ਆਪਣੇ ਪੱਧਰ ’ਤੇ ਹੀ ਤਾਣ ਲਾ ਰਹੇ ਹਨ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੇ ਤਿੰਨ ਚਾਰ ਦਿਨਾਂ ਤੋਂ ਦਰਜਨਾਂ ਹਲਕਿਆਂ ਵਿਚ ਚੋਣ ਮੁਹਿੰਮ ਭਖਾ ਦਿੱਤੀ ਹੈ। ਹਾਲਾਂਕਿ ਪਹਿਲਾਂ ਉਨ੍ਹਾਂ ਨੇ ਕੁੱਝ ਦਿਨ ਆਪਣੇ ਹਲਕਾ ਧੂਰੀ ਵਿਚ ਲਾਏ ਸਨ। ਇਸੇ ਦੌਰਾਨ ਡੇਰਾ ਸਿਰਸਾ ਦੇ ਮੁਖੀ ਨੂੰ 21 ਦਿਨ ਦੀ ਪੈਰੋਲ ਨੂੰ ਵੀ ਪੰਜਾਬ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਐਤਕੀਂ ਡੇਰਾ ਸਿਰਸਾ ਭਾਜਪਾ ਦੇ ਪਾਲੇ ਵਿਚ ਜਾਂਦਾ ਜਾਪਦਾ ਹੈ। ਡੇਰਾ ਸਿਰਸਾ ਦੇ ਪੈਰੋਕਾਰ ਵੀ ਜ਼ਿਆਦਾ ਗਿਣਤੀ ਵਿਚ ਦਲਿਤ ਵਰਗ ਨਾਲ ਸਬੰਧਿਤ ਹਨ।
ਮੁੱਖ ਮੰਤਰੀ ਚੰਨੀ ਦਲਿਤ ਵੋਟ ਬੈਂਕ ਨੂੰ ਇਨ੍ਹਾਂ ਹਾਲਾਤ ਵਿਚ ਕਿਵੇਂ ਬੱਝਵੇਂ ਰੂਪ ਵਿਚ ਕਾਂਗਰਸ ਦੇ ਹੱਕ ਵਿਚ ਭੁਗਤਾਉਣਗੇ, ਇਸ ਨਾਲ ਚੰਨੀ ਦੀ ਕਾਬਲੀਅਤ ਤੇ ਸਮਰੱਥਾ ਮਾਪੀ ਜਾਵੇਗੀ। ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਚੰਨੀ ਨੂੰ ਚਿਹਰਾ ਐਲਾਨੇ ਜਾਣ ਮਗਰੋਂ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਛੇੜੀ ਹੈ ਤਾਂ ਜੋ ਕਾਂਗਰਸ ਦੇ ਪੱਖ ਵਿਚ ਹਵਾ ਦੇ ਰੁਖ ਨੂੰ ਕੀਤਾ ਜਾ ਸਕੇ।
ਤਾਲਮੇਲ ਕਮੇਟੀ ਦੀ ਚੇਅਰਮੈਨ ਨੇ ਹਾਲੇ ਨਹੀਂ ਕੀਤਾ ਪ੍ਰਚਾਰ
ਕਾਂਗਰਸ ਹਾਈਕਮਾਨ ਵੱਲੋਂ ਬਣਾਈ ਤਾਲਮੇਲ ਕਮੇਟੀ ਦੀ ਚੇਅਰਮੈਨ ਅੰਬਿਕਾ ਸੋਨੀ ਨੇ ਹਾਲੇ ਪੰਜਾਬ ਵਿਚ ਪੈਰ ਵੀ ਨਹੀਂ ਪਾਇਆ ਹੈ, ਚੋਣ ਪ੍ਰਚਾਰ ਵਿਚ ਕੁੱਦਣਾ ਤਾਂ ਦੂਰ ਦੀ ਗੱਲ ਹੈ। ਇਸੇ ਤਰ੍ਹਾਂ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਆਪਣੇ ਹਲਕਾ ਕਾਦੀਆਂ ਵਿਚ ਉਲਝੇ ਹੋਏ ਹਨ। ਕਾਂਗਰਸ ਦੀ ਮੈਨੀਫੈਸਟੋ ਕਮੇਟੀ ਨੇ 2017 ਅਸੈਂਬਲੀ ਚੋਣਾਂ ਅਤੇ 2019 ਲੋਕ ਸਭਾ ਚੋਣਾਂ ਮੌਕੇ ਪੰਜਾਬ ਦੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਵੱਖ ਵੱਖ ਵਰਗਾਂ ਨਾਲ ਮੀਟਿੰਗਾਂ ਕਰਨ ਮਗਰੋਂ ਮੈਨੀਫੈਸਟੋ ਤਿਆਰ ਕੀਤਾ ਸੀ। ਐਤਕੀਂ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਕਿਸੇ ਵੀ ਜ਼ਿਲ੍ਹੇ ਵਿਚ ਇਸ ਮਾਮਲੇ ਵਿਚ ਰਾਏ ਜਾਣਨ ਲਈ ਨਹੀਂ ਗਏ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਐਕਟਿਵ ਸਿਆਸਤ ਤੋਂ ਲਾਂਭੇ ਹੋਣ ਦੀ ਗੱਲ ਆਖ ਰਹੇ ਹਨ ਅਤੇ ਉਹ ਆਪਣੇ ਭਤੀਜੇ ਸੰਦੀਪ ਜਾਖੜ ਲਈ ਚੋਣ ਪ੍ਰਚਾਰ ਵਿਚ ਹਲਕਾ ਅਬੋਹਰ ਵਿਚ ਕੁੱਦੇ ਹੋਏ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਹਾਲੇ ਤੱਕ ਆਪਣੇ ਹਲਕਾ ਚਮਕੌਰ ਸਾਹਿਬ ਅਤੇ ਹਲਕਾ ਭਦੌੜ ਵਿਚ ਹੀ ਚੋਣ ਪ੍ਰਚਾਰ ਕੀਤਾ ਗਿਆ ਹੈ।
ਰਾਹੁਲ ਦਾ ਸ਼ਾਨਦਾਰ ਫ਼ੈਸਲਾ: ਜਾਖੜ
ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਵੀ ਅੱਜ ਟਵੀਟ ਕਰਕੇ ਕਿਹਾ ਹੈ ਕਿ ਨਿਮਰ ਪਰਿਵਾਰ ਵਾਲੇ ਚੰਨੀ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਰਾਹੁਲ ਗਾਂਧੀ ਨੇ ਸ਼ਾਨਦਾਰ ਫ਼ੈਸਲਾ ਲਿਆ ਹੈ। ਅੱਜ ਇਸੇ ਦੌਰਾਨ ਚਰਨਜੀਤ ਚੰਨੀ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪੰਜਾਬ ਵਿਚ ਮੁੜ ਸਰਕਾਰ ਬਣਾਏਗੀ| ਸੀਨੀਅਰ ਕਾਂਗਰਸੀ ਆਗੂ ਮਲਿਕਾਅਰਜਨ ਖੜਗੇ ਨੇ ਵੀ ਕਿਹਾ ਹੈ ਕਿ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਦਾ ਸੁਨੇਹਾ ਸਮੁੱਚੇ ਦੇਸ਼ ਵਿਚ ਗਿਆ ਹੈ। ਦੂਜੇ ਪਾਸੇ ਸਿਆਸੀ ਮਾਹਰ ਆਖਦੇ ਹਨ ਕਿ ਜੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮੁੜ ਫ਼ਰੰਟ ਖੋਲ੍ਹ ਦਿੱਤਾ ਤਾਂ ਇਸ ਦਾ ਸਿੱਧਾ ਲਾਹਾ ‘ਆਪ’ ਨੂੰ ਮਿਲ ਸਕਦਾ ਹੈ| ਨਵਜੋਤ ਸਿੱਧੂ ਇਨ੍ਹਾਂ ਚੋਣਾਂ ਵਿਚ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਕਿੰਨੀ ਕੁ ਵਾਹ ਲਾਉਣਗੇ, ਇਹ ਵੀ ਦੇਖਣਾ ਹੋਵੇਗਾ।