ਗੁਰਬਖਸ਼ਪੁਰੀ
ਤਰਨ ਤਾਰਨ, 4 ਫਰਵਰੀ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ (ਕੇਐੱਮਓ) ਅਤੇ ਕਈ ਹੋਰ ਸਿੱਖ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਦੀਆਂ ਘਟਨਾਵਾਂ ਦੌਰਾਨ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਭਾਈ ਨਵਰੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੱਜ ਇਥੇ ਅਖੰਡ ਪਾਠਾਂ ਦੇ ਭੋਗ ਪਾਏ ਗਏ| ਇਸ ਮੌਕੇ ਕੇਐੱਮਓ ਦੀ ਸਰਪਰਸਤ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਬਾਬਾ ਦਰਸ਼ਨ ਸਿੰਘ ਨੇ ਸੰਬੋਧਨ ਕਰਦਿਆਂ ਭਾਈ ਨਵਰੀਤ ਸਿੰਘ ਵਾਸੀ ਡਬਿਡਬਿਾ (ਉੱਤਰ ਪ੍ਰਦੇਸ਼) ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ| ਬੁਲਾਰਿਆਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਆਖਦਿਆਂ ਇਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ| ਸਮਾਗਮ ਵਿੱਚ ਪਾਸ ਕੀਤੇ ਪੰਜ ਮਤਿਆਂ ਵਿੱਚ ਭਾਈ ਨਵਰੀਤ ਸਿੰਘ ਦੇ ਕਤਲ ਦੀ ਨਿਰਪੱਖ ਜਾਂਚ ਕਰਵਾਏ ਜਾਣ ਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਕੀਤੇ ਜਾਣ ਅਤੇ ਭਾਈ ਨਵਰੀਤ ਸਿੰਘ ਦੀ ਮੌਤ ਦਾ ਦਿੱਲੀ ਪੁਲੀਸ ਦੀਆਂ ਗੋਲੀਆਂ ਨਾਲ ਹੋਣ ਦਾ ਭੇਦ ਖੋਲ੍ਹਣ ਵਾਲੇ ਪੱਤਰਕਾਰਾਂ ਖ਼ਿਲਾਫ਼ ਭਾਜਪਾ ਸਾਸ਼ਿਤ ਪੰਜ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਦੇਸ਼ ਧਰੋਹੀ ਧਾਰਾਵਾਂ ਹੇਠ ਦਰਜ ਪਰਚੇ ਰੱਦ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਵਿੱਚ ਸਿੱਖਾਂ ਉਪਰ ਯੂਏਪੀਏ ਅਤੇ ਹੋਰ ਸੰਗੀਨ ਧਾਰਵਾਂ ਹੇਠ ਪਰਚੇ ਦਰਜ ਕਰਨ ਤੇ ਗ੍ਰਿਫ਼ਤਾਰੀਆਂ ਕਰਨ ਦੀ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਰਾਰ ਦਿੱਤਾ ਅਤੇ ਅੱਜ ਤਕ ਫੜੇ ਸਾਰੇ ਲੋਕਾਂ ਨੂੰ ਰਿਹਾਅ ਕਰਕੇ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਸਮਾਗਮ ਵਿੱਚ ਆਰਐੱਸਐੱਸ ਅਤੇ ਭਾਜਪਾ ਦਾ ਬਾਈਕਾਟ ਕੀਤੇ ਜਾਣ ਦੀ ਵੀ ਅਪੀਲ ਕੀਤੀ ਗਈ| ਇਸ ਮੌਕੇ ਭਾਈ ਨਵਰੀਤ ਸਿੰਘ ਦੇ ਪਰਿਵਾਰ ਤਕ ਸਨਮਾਨ ਪਹੁੰਚਾਉਣ ਲਈ ਭਾਈ ਗੁਰਬਚਨ ਸਿੰਘ ਨੂੰ ਸਨਮਾਨ ਚਿੰਨ੍ਹ ਸੌਂਪਿਆ ਗਿਆ।