ਨਵੀਂ ਦਿੱਲੀ, 24 ਦਸੰਬਰ
ਸਥਾਨਕ ਕੋਰਟ ਨੇ ਦਿੱਲੀ ਦੇ ਰੋਹਿਨੀ ਇਲਾਕੇ ਵਿੱਚ ਡਾਕੇ ਦੇ ਇਕ ਮਸ਼ਕੂਕ ਦੀ ਰਿਹਾਇਸ਼ ’ਤੇ ਪੁਲੀਸ ਅਧਿਕਾਰੀਆਂ ਵੱਲੋਂ ਕਰਵਾਈ ਗਈ ਕਥਿਤ ਕੁੱਤਿਆਂ ਦੀ ਲੜਾਈ ਲਈ ਦਿੱਲੀ ਪੁਲੀਸ ਦੀ ਝਾੜ-ਝੰਬ ਕੀਤੀ ਹੈ। ਇਸ ਲੜਾਈ ਵਿੱਚ ਮਸ਼ਕੂਕ ਦਾ ਪਾਲਤੂ ਕੁੱਤਾ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੇ ਮਗਰੋਂ ਦਮ ਤੋੜ ਦਿੱਤਾ। ਕੋਰਟ ਨੇ ਸਬੰਧਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਕਿਹਾ ਹੈ। ਮਸ਼ਕੂਕ ਦੇ ਪਰਿਵਾਰਕ ਮੈਂਬਰਾਂ ਨੇ 8 ਦਸੰਬਰ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਰਿਲੀਜ਼ ਕੀਤੀ ਸੀ। ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਆਇਆ ਤੇ ਜਾਂਚ ਦੇ ਹੁਕਮ ਦਿੱਤੇ ਗਏ। ਉਧਰ ਰੋਹਿਨੀ ਕੋਰਟ ਦੇ ਮੈਟਰੋਪਾਲਿਟਨ ਮੈਜਿਸਟਰੇਟ ਨੇ ਵੀ ਦਿੱਲੀ ਪੁਲੀਸ ਦੇ ਉੱਤਰੀ ਜ਼ੋਨ ਦੇ ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਲਈ ਕਿਹਾ ਹੈ। –ਆਈਏਐੱਨਐੱਸ