ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਜਨਵਰੀ
ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਤਰਨ ਤਾਰਨ ਦੇ ਜੁਗਰਾਜ ਸਿੰਘ ਦੀ ਭਾਲ ਵਿੱਚ ਦਿੱਲੀ ਕ੍ਰਾਈਮ ਬਰਾਂਚ (ਡੀਸੀਬੀ) ਦੀ ਟੀਮ ਵੱਲੋਂ ਜਲੰਧਰ ਵਿੱਚ ਛਾਪਾ ਮਾਰਿਆ ਗਿਆ। ਬਸਤੀ ਪੀਰਦਾਦ ਦੇ ਇਲਾਕਿਆਂ ’ਚ ਦਿੱਲੀ ਤੋਂ ਆਈ ਟੀਮ ਲੱਗਪਗ ਦੋ ਘੰਟੇ ਉਸ ਨੂੰ ਵੱਖ-ਵੱਖ ਟਿਕਾਣਿਆਂ ’ਤੇ ਲੱਭਦੀ ਰਹੀ।
ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਗਗਨਦੀਪ ਸਿੰਘ ਸੇਖੋਂ, ਇਸ ਟੀਮ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਜੁਗਰਾਜ ਸਿੰਘ ਦੇ ਨਾ ਮਿਲਣ ਕਰਕੇ ਟੀਮ ਵਾਪਸ ਚਲੀ ਗਈ। ਦਿੱਲੀ ਕ੍ਰਾਈਮ ਬਰਾਂਚ ਕੋਲ ਇਹ ਸੂਚਨਾ ਸੀ ਕਿ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜੁਗਰਾਜ ਸਿੰਘ ਦੀ ਬਸਤੀ ਪੀਰਦਾਦ (ਜਲੰਧਰ) ਵਿੱਚ ਰਿਸ਼ਤੇਦਾਰੀ ਹੈ।
ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਦਾ ਪਰਿਵਾਰ ਪਹਿਲਾਂ ਹੀ ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਵਾਂ ਤਾਰਾ ਸਿੰਘ ਤੋਂ ਰੂਪੋਸ਼ ਹੋ ਚੁੱਕਾ ਹੈ। ਜੁਗਰਾਜ ਸਿੰਘ (22) ਪਹਿਲਾਂ ਚੇਨੱਈ ਵਿੱਚ ਨੌਕਰੀ ਕਰਦਾ ਸੀ ਪਰ ਫਿਰ ਉੱਥੋਂ ਵਾਪਸ ਪਿੰਡ ਆ ਕੇ ਮਜ਼ਦੂਰੀ ਕਰਨ ਲੱਗ ਪਿਆ। ਅੰਮ੍ਰਿਤਧਾਰੀ ਹੋਣ ਕਰਕੇ ਉਹ ਪਿੰਡ ਅਤੇ ਇਲਾਕੇ ਦੇ ਹੋਰ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ’ਤੇ ਚੋਲਾ ਚੜ੍ਹਾਉਣ ਦੀ ਸੇਵਾ ਕਰਦਾ ਸੀ। ਲਾਲ ਕਿਲੇ ’ਚ 26 ਜਨਵਰੀ ਨੂੰ ਵਾਪਰੀ ਘਟਨਾ ਵਿੱਚ ਦੌਰਾਨ ਉਸ ਨੇ ਉਸੇ ਥਾਂ ਕੇਸਰੀ ਝੰਡਾ ਝੁਲਾ ਦਿੱਤਾ ਸੀ ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ। ਤਿੰਨ ਭੈਣਾਂ ਦਾ ਇਕਲੌਤਾ ਭਰਾ ਜੁਗਰਾਜ ਸਿੰਘ 24 ਜਨਵਰੀ ਨੂੰ ਟਰਾਲੀ ਰਾਹੀਂ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਗਿਆ। ਉਸ ਦਾ ਪਰਿਵਾਰ ਛੋਟੇ ਕਿਸਾਨਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਤੇ ਉਨ੍ਹਾਂ ਕੋਲ ਦੋ ਏਕੜ ਜ਼ਮੀਨ ਹੈ, ਜਿਸ ’ਤੇ ਉਹ ਖੇਤੀ ਕਰਦੇ ਹਨ।