ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਦਸੰਬਰ
ਕਿਸਾਨ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਸੱਤ ਕਿਸਾਨਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਇੱਕ-ਇੱਕ ਲੱਖ ਰੁਪਏ ਦੀ ਮਾਲੀ ਮਦਦ ਕਰੇਗੀ। ਇਹ ਫ਼ੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕ ਮੀਟਿੰਗ ਵਿੱਚ ਲਿਆ ਗਿਆ।
ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਦੌਰਾਨ ਦਿੱਲੀ ਵਿੱਚ ਧਰਨਿਆਂ ਵਿਚ ਸ਼ਾਮਲ ਔਰਤਾਂ ਵਾਸਤੇ ਮੋਬਾਈਲ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਸੰਸਥਾ ਦੇ ਸਮੂਹ ਇਤਿਹਾਸਕ ਗੁਰਦੁਆਰਿਆਂ ਵਿੱਚ 7 ਦਸੰਬਰ ਨੂੰ ਸਵੇਰੇ 8 ਤੋਂ 9 ਵਜੇ ਤਕ ਅਰਦਾਸ ਸਮਾਗਮ ਕੀਤੇ ਜਾਣਗੇ।
ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਹੋਈ। ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੰਤ੍ਰਿਗ ਕਮੇਟੀ ਵੱਲੋਂ ਦਿੱਲੀ ਵਿਖੇ ਕਿਸਾਨ ਸੰਘਰਸ਼ ਵਿਚ ਸ਼ਾਮਲ ਮੌਤ ਦਾ ਸ਼ਿਕਾਰ ਬਣ ਗਏ 7 ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਕਿਸਾਨ ਸੰਘਰਸ਼ ਵਿਚ ਸ਼ਾਮਲ ਬੀਬੀਆਂ ਲਈ ਆਰਜ਼ੀ ਇਸ਼ਨਾਨ ਘਰ ਤੇ ਮੋਬਾਈਲ ਪਖਾਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਹਰ ਗੁਰਦੁਆਰੇ ਵਿੱਚ 7 ਦਸੰਬਰ ਨੂੰ ਕਿਸਾਨ ਅੰਦੋਲਨ ਦੀ ਕਾਮਯਾਬੀ ਲਈ ਅਰਦਾਸ ਕਰਨ।
ਅੰਤ੍ਰਿਗ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਸਮੇਤ ਰਾਜਸੀ, ਧਾਰਮਿਕ, ਸਮਾਜਿਕ ਆਗੂਆਂ ਅਤੇ ਖਿਡਾਰੀਆਂ ਵੱਲੋਂ ਸਰਕਾਰੀ ਸਨਮਾਨ ਵਾਪਸ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਫ਼ਿਲਮ ਕਲਾਕਾਰਾ ਕੰਗਨਾ ਰਨੌਤ ਵੱਲੋਂ ਬਜ਼ੁਰਗ ਕਿਸਾਨ ਬੀਬੀਆਂ ਖ਼ਿਲਾਫ਼ ਕੀਤੀ ਇਤਰਾਜਯੋਗ ਟਿੱਪਣੀ ਦੀ ਨਿਖੇਧੀ ਕੀਤੀ। 328 ਪਾਵਨ ਸਰੂਪ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਇਕ ਸਮੀਖਿਆ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ਸਮੁੱਚੇ ਮਾਮਲੇ ਦੀ ਸਮੀਖਿਆ ਕਰੇਗੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਿਚ ਹੋਈਆਂ ਤਰੱਕੀਆਂ ਅਤੇ ਨਿਯੁਕਤੀਆਂ ਸਬੰਧੀ ਵੀ ਇਕ ਰੀਵਿਊ ਕਮੇਟੀ ਕਾਇਮ ਕੀਤੀ ਜਾਵੇਗੀ।
ਅੱਜ ਮੀਟਿੰਗ ਮਗਰੋਂ ਪ੍ਰਧਾਨ ਸਮੇਤ ਸਮੁੱਚੀ ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਗੁਰੂ ਰਾਮਦਾਸ ਲੰਗਰ ਘਰ ਵਿੱਚ ਪੰਗਤ ’ਚ ਬੈਠ ਕੇ ਲੰਗਰ ਦਾ ਪ੍ਰਸ਼ਾਦਾ ਛਕਿਆ ਅਤੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਮੇਤ ਅੰਤ੍ਰਿੰਗ ਕਮੇਟੀ ਦੇ ਮੈਂਬਰ ਅਤੇ ਅਧਿਕਾਰੀ ਹਾਜ਼ਰ ਸਨ।