ਗਗਨਦੀਪ ਅਰੋੜਾ
ਲੁਧਿਆਣਾ, 15 ਜੁਲਾਈ
ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਲਈ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਕਿਸਾਨ ਸੜਕਾਂ ’ਤੇ ਉੱਤਰ ਆਏ ਹਨ। ਅੱਜ ਇੱਥੇ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੈਂਕੜੇ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਟਰੈਕਟਰ ਟਰਾਲੀਆਂ ਲਾ ਕੇ ਧਰਨਾ ਦਿੱਤਾ। ਧਰਨੇ ’ਚ ਕਿਸਾਨ ਆਗੂਆਂ ਨੇ ਸਾਫ਼ ਕਿਹਾ ਕਿ ਉਹ ਕਿਸੇ ਕੀਮਤ ’ਤੇ ਆਪਣੀਆਂ ਜ਼ਮੀਨਾਂ ਸਸਤੇ ਭਾਅ ਸਰਕਾਰ ਨੂੰ ਨਹੀਂ ਦੇਣਗੇ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ’ਤੇ ਵਰਦਿਆਂ ਕਿਹਾ ਕਿ ਕਾਂਗਰਸ ਵੀ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦੀ ਮਦਦ ਕਰ ਰਹੀ ਹੈ ਪਰ ਇਸ ਸੰਘਰਸ਼ ’ਚ ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੇ ਨਾਲ ਹੈ, ਇਸ ਲਈ ਆਉਣ ਵਾਲੇ ਦਿਨਾਂ ’ਚ ਉਹ ਲੁਧਿਆਣਾ ਤੋਂ ਲੰਘਣ ਵਾਲੇ ਐਕਸਪ੍ਰੈੱਸਵੇਅ ’ਤੇ ਚੱਕਾ ਜਾਮ ਕਰਨ ਦੇ ਨਾਲ-ਨਾਲ ਪੱਕਾ ਮੋਰਚਾ ਵੀ ਲਗਾ ਸਕਦੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੋਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜਿੰਨੀਆਂ ਵੀ ਯੋਜਨਾਵਾਂ ਤਹਿਤ ਪੰਜਾਬ ’ਚ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਉਸ ’ਚ ਸਭ ਤੋਂ ਵੱਧ ਜ਼ਮੀਨ ਲੁਧਿਆਣਾ ਨਾਲ ਸਬੰਧਤ ਹੈ। ਕਿਸਾਨਾਂ ਦੀ ਜ਼ਮੀਨ ਦੇ ਭਾਅ 35 ਲੱਖ ਰੁਪਏ ਤੋਂ ਲੈ ਕੇ 4 ਕਰੋੜ ਰੁਪਏ ਪ੍ਰਤੀ ਏਕੜ ਹਨ ਪਰ ਸਰਕਾਰ ਉਨ੍ਹਾਂ ਨੂੰ ਮੁਆਵਜ਼ੇ ਵੱਜੋਂ ਸਿਰਫ਼ 10 ਲੱਖ ਪ੍ਰਤੀ ਏਕੜ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਇੱਕ ਪਿੰਡ ’ਚ ਤਾਂ ਮੁਆਵਜ਼ਾ 9 ਲੱਖ ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਵੀ ਕਹੀ ਗਈ ਹੈ, ਜਦੋਂ ਕਿ ਸਰਕਾਰ ਨੇ ਕਾਫ਼ੀ ਸਮਾਂ ਪਹਿਲਾਂ ਇੱਕ ਐਕਟ ਬਣਾਇਆ ਸੀ, ਜਿਸ ਤਹਿਤ ਮਾਰਕੀਟ ਰੇਟ ਤੋਂ ਚਾਰ ਗੁਣਾ ਵੱਧ ਭਾਅ ਦੇ ਕੇ ਜ਼ਮੀਨ ਲੈਣ ਦੀ ਗੱਲ ਆਖੀ ਗਈ ਸੀ। ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇ ਲਈ ਜ਼ਮੀਨ ਐਕੁਆਇਰ ਦਾ ਕੰਮ ਪੰਜਾਬ ਸਰਕਾਰ ਕਰਦੀ ਹੈ ਪਰ ਉਹ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ ਹੈ। ਇਸ ਮੁੱਦੇ ਸਬੰਧੀ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਡੀਸੀ ਵਰਿੰਦਰ ਸ਼ਰਮਾ ਨੂੰ ਇੱਕ ਮੰਗ ਪੱਤਰ ਸੌਂਪਦਿਆਂ 15 ਜੁਲਾਈ ਨੂੰ ਸੰਕੇਤਕ ਧਰਨਾ ਦੇਣ ਦੀ ਗੱਲ ਆਖੀ ਗਈ ਸੀ। ਕਿਸਾਨਾਂ ਨੇ ਕਿਹਾ ਕਿ ਜੇਕਰ ਹੁਣ ਵੀ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਗਿਆ ਤਾਂ ਉਹ ਐਕਸਪ੍ਰੈੱਸ ’ਤੇ ਪੱਕਾ ਧਰਨਾ ਲਾ ਕੇ ਮੋਰਚਾਬੰਦੀ ਕਰਨਗੇ। ਕਿਸਾਨਾਂ ਨੇ ਕਿਹਾ ਕਿ ਉਹ ਇਸ ਯੋਜਨਾ ਦੇ ਖ਼ਿਲਾਫ਼ ਨਹੀਂ ਹਨ ਪਰ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਦੇ ਭਾਅ ਤਾਂ ਸਹੀ ਦੇਵੇ।
ਕਿਸਾਨਾਂ ਦੇ ਮੁੱਦੇ ਸੰਸਦ ਸੈਸ਼ਨ ਵਿੱਚ ਚੁੱਕਾਂਗੇ: ਭਗਵੰਤ ਮਾਨ
ਚੰਡੀਗੜ੍ਹ (ਆਤਿਸ਼ ਗੁਪਤਾ): ਆਮ ਆਦਮੀ ਪਾਰਟੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੌਨਸੂਨ ਸੈਸ਼ਨ ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਪਾਸ ਕਰਵਾਉਣ ਲਈ ਸੰਸਦ ਮੈਂਬਰਾਂ ਨੂੰ ਜਾਰੀ ਕੀਤੇ ‘ਪੀਪਲਜ਼ ਵ੍ਹਿਪ’ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ‘ਆਪ’ ਦੇ ਸੰਸਦ ਮੈਂਬਰ ਨੇ ਸੈਸ਼ਨ ਦਾ ਬਾਈਕਾਟ ਕਰਨ ਦੀ ਥਾਂ ਕਿਸਾਨਾਂ ਦੀ ਆਵਾਜ਼ ਚੁੱਕਣ ਦਾ ਫ਼ੈਸਲਾ ਕੀਤਾ। ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੰਸਦ ਸੈਸ਼ਨ ਦੌਰਾਨ ਉਹ ਜ਼ੋਰ-ਸ਼ੋਰ ਨਾਲ ਕਿਸਾਨਾਂ ਦੇ ਮੁੱਦੇ ਚੁੱਕਣਗੇ। ਸ੍ਰੀ ਮਾਨ ਨੇ ਕਿਹਾ, ‘ਸੰਸਦ ਮੈਂਬਰ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅੰਨਦਾਤਾ ਦੀ ਆਵਾਜ਼ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਅਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇ।’ ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਨਾਜ਼ੁਕ ਸਮੇਂ ਦੌਰਾਨ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਇਸ ਸਬੰਧੀ ਸਾਰੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਲਾਮਬੰਦ ਕਰਨ ਦਾ ਯਤਨ ਕਰਨਗੇ। ਸੰਸਦ ਮੈਂਬਰ ਨੇ ਕਿਹਾ ਕਿ ਉਹ ਲੋਕ ਸਭਾ ਸਪੀਕਰ ਦੀ ਅਗਿਆ ਨਾਲ ਕਿਸਾਨਾਂ ਦੇ ਸਵਾਲ ਵੀ ਚੁੱਕਣਗੇ। ‘ਆਪ’ ਆਗੂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਆਪਣੀਆਂ ਜਾਇਜ਼ ਮੰਗਾਂ ਮੰਨਵਾਉਣ ਲਈ ਲੰਬੇ ਸਮੇਂ ਤੋਂ ਸੜਕਾਂ ’ਤੇ ਰੁਲਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਸੈਸ਼ਨ ਦੌਰਾਨ ਜਥੇ ਬਣਾ ਕੇ ਸੰਸਦ ਭਵਨ ਆਉਣ ਵਾਲੇ ਕਿਸਾਨਾਂ ਨਾਲ ਮੁਲਾਕਾਤ ਕਰਦੇ ਰਹਿਣਗੇ।