ਨਵੀਂ ਦਿੱਲੀ/ ਚੰਡੀਗੜ੍ਹ, 6 ਸਤੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਦੇ ਪੱਖ ਤੋਂ ਜਾਂਚ ਨੂੰ ਲੈ ਕੇ ਦਿੱਲੀ ਤੇ ਹੋਰਨਾਂ ਰਾਜਾਂ ਵਿੱਚ 40 ਦੇ ਕਰੀਬ ਟਿਕਾਣਿਆਂ ’ਤੇ ਛਾਪੇ ਮਾਰੇ। ਇਸੇ ਲੜੀ ਵਿੱਚ ਪੰਚਕੂਲਾ ਰਹਿੰਦੇ ਪੰਜਾਬ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਦੀ ਕੋਠੀ ਅਤੇ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਵਰੁਣ ਰੂਜ਼ਮ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ’ਤੇ ਵੀ ਈਡੀ ਨੇ ਦਸਤਕ ਦਿੱਤੀ। ਈਡੀ ਅਧਿਕਾਰੀਆਂ ਨੇ ਘਰਵਿੱਚ ਪਏ ਦਸਤਾਵੇਜ਼ਾਂ ਦੀ ਫਰੋਲਾ-ਫਰਾਲੀ ਵੀ ਕੀਤੀ। ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਨਾਲ ਜੁੜੇ ਕੇਸ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਕੁਝ ਹੋਰਨਾਂ ਨੌਕਰਸ਼ਾਹਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ, ਤਿਲੰਗਾਨਾ, ਮਹਾਰਾਸ਼ਟਰ, ਤਾਮਿਲ ਨਾਡੂ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕਰਨਾਟਕ ਵਿੱਚ 38 ਤੋਂ 40 ਦੇ ਕਰੀਬ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਅਤੇ ਕੇਸ ਵਿੱਚ ਨਾਮਜ਼ਦ ਵਿਅਕਤੀ ਵਿਸ਼ੇਸ਼ ਤੇ ਕੁਝ ਸਰਕਾਰੀ ਅਧਿਕਾਰੀਆਂ ਦੀਆਂ ਰਿਹਾਇਸ਼ਾਂ ’ਤੇ ਛਾਪੇ ਮਾਰੇ ਗਏ। ਅਧਿਕਾਰੀਆਂ ਮੁਤਾਬਕ ਇਨ੍ਹਾਂ ਛਾਪਿਆਂ ਵਿੱਚ ਸਿਸੋਦੀਆ ਨਾਲ ਜੁੜੇ ਟਿਕਾਣੇ ਸ਼ਾਮਲ ਨਹੀਂ ਸਨ। ਸੰਘੀ ਜਾਂਚ ਏਜੰਸੀ ਨੇ ਸੀਬੀਆਈ ਵੱਲੋਂ ਸਿਸੋਦੀਆ ਤੇ 14 ਹੋਰਨਾਂ ਖਿਲਾਫ਼ ਐਕਸਾਈਜ਼ ਕੇਸ ਵਿੱਚ ਦਰਜ ਐੱਫਆਈਆਰ ਦਾ ਨੋਟਿਸ ਲੈਂਦਿਆਂ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਦੀਆਂ ਫ਼ੌਜਦਾਰੀ ਧਾਰਾਵਾਂ ਤਹਿਤ ਜਾਂਚ ਆਰੰਭੀ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ 19 ਅਗਸਤ ਨੂੰ ਸਿਸੋਦੀਆ ਅਤੇ ਆਈਏਐੱਸ ਤੇ ਦਿੱਲੀ ਦੇ ਸਾਬਕਾ ਐਕਸਾਈਜ਼ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨ ਦੀਆਂ ਰਿਹਾਇਸ਼ਾਂ ਸਮੇਤ ਸੱਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 19 ਹੋਰਨਾਂ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਸਿਸੋਦੀਆ ਕੋਲ ਕੇਜਰੀਵਾਲ ਸਰਕਾਰ ਵਿੱਚ ਆਬਕਾਰੀ ਤੇ ਸਿੱਖਿਆ ਸਣੇ ਕਈ ਮੰਤਰਾਲੇ ਹਨ। ਦਿੱਲੀ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਆਬਕਾਰੀ ਨੀਤੀ ਲਿਆਂਦੀ ਸੀ। -ਪੀਟੀਆਈ
ਲੁਕਾਉਣ ਲਈ ਕੁਝ ਨਹੀਂ, ਆਪਣਾ ਕੰਮ ‘ਇਮਾਨਦਾਰੀ’ ਨਾਲ ਕੀਤਾ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਆਬਕਾਰੀ ਨੀਤੀ ਨੂੰ ਲੈ ਕੇ ਦਰਜ ਮਨੀ ਲਾਂਡਰਿੰਗ ਕੇਸ ਵਿੱਚ ਈਡੀ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਰੇ ਛਾਪਿਆਂ ਦੇ ਹਵਾਲੇ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤੇ ਉਨ੍ਹਾਂ ਆਪਣਾ ਕੰਮ ‘ਇਮਾਨਦਾਰੀ’ ਨਾਲ ਕੀਤਾ। ਇਥੇ ਸਮਾਗਮ ਤੋਂ ਇਕਪਾਸੇ ਸਿਸੋਦੀਆ ਨੇ ਕਿਹਾ, ‘‘ਮੇਰੇ ਕੋਲ (ਲੁਕਾਉਣ ਲਈ) ਕੁਝ ਨਹੀਂ ਹੈ। ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਹੈ। ਮੈਂ ਤਾਂ ਸਕੂਲਾਂ ਦੀ ਉਸਾਰੀ ਕਰਵਾਈ ਹੈ ਅਤੇ (ਜੇਕਰ ਈਡੀ ਆਉਂਦੀ ਹੈ ਤਾਂ) ਉਨ੍ਹਾਂ ਨੂੰ ਕੁਝ ਹੋਰਨਾਂ ਸਕੂਲਾਂ ਦੇ ਨਕਸ਼ੇ ਹੀ ਮਿਲਣਗੇ।’’ -ਪੀਟੀਆਈ