ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਮਾਰਚ
ਪਹਿਲਾਂ ਕਰੋਨਾ ਕਾਲ ਤੇ ਮੁੜ ਕਿਸਾਨ ਅੰਦੋਲਨ ਕਾਰਨ ਰੁਕੀਆਂ ਰੇਲ ਗੱਡੀਆਂ ਵਿਚ ਸ਼ਾਮਲ ਸ਼ਤਾਬਦੀ ਐਕਸਪ੍ਰੈੱਸ ਰੇਲ ਗੱਡੀ ਅੱਜ ਦਿੱਲੀ-ਅੰਮ੍ਰਿਤਸਰ ਰੇਲ ਮਾਰਗ ’ਤੇ ਮੁੜ ਚੱਲੀ ਹੈ। ਇਸ ਨਾਲ ਯਾਤਰੂਆਂ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਕੰਮ ਕਰਦੇ ਕੁਲੀਆਂ ਅਤੇ ਸਾਮਾਨ ਵੇਚਣ ਵਾਲਿਆਂ ਵਿਚ ਖ਼ੁਸ਼ੀ ਦਾ ਮਾਹੌਲ ਹੈ। ਅੱਜ ਦਿੱਲੀ ਤੋਂ ਚੱਲੀ ਸ਼ਤਾਬਦੀ ਐਕਸਪ੍ਰੈੱਸ ਰੇਲ ਗੱਡੀ ਅੰਮ੍ਰਿਤਸਰ ਪੁੱਜੀ। ਇਸ ਰੇਲ ਗੱਡੀ ਵਿਚ ਆਪਣੇ ਪਰਿਵਾਰ ਸਣੇ ਆਏ ਹਰਜੀਤ ਸਿੰਘ ਨੇ ਆਖਿਆ ਕਿ ਉਹ ਇਸ ਰੇਲ ਗੱਡੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਕਈ ਵਾਰ ਵਪਾਰ ਸਬੰਧੀ ਸਫ਼ਰ ਕਰ ਚੁੱਕਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰੇਲ ਮਾਰਗ ’ਤੇ ਮੁੜ ਆਵਾਜਾਈ ਬਹਾਲ ਹੋ ਸਕੇ। ਕਿਸ਼ਨ ਤੇ ਸੰਦੀਪ ਦੋਵਾਂ ਵਪਾਰੀਆਂ ਨੇ ਆਖਿਆ ਕਿ ਅੱਜ ਇੱਕ ਸਾਲ ਬਾਅਦ ਉਹ ਮੁੜ ਇਸ ਰੇਲ ਰਾਹੀਂ ਅੰਮ੍ਰਿਤਸਰ ਆਏ ਹਨ।