ਡਾ. ਹਿਮਾਂਸ਼ੂ ਸੂਦ/ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 30 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੱਦੇ ’ਤੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਸ੍ਰੀ ਫ਼ਤਹਿਗੜ੍ਹ ਸਾਹਿਬ, ਰੋਪੜ, ਮੁਹਾਲੀ, ਪਟਿਆਲਾ ਅਤੇ ਲੁਧਿਆਣਾ ਦੇ ਕਿਸਾਨਾਂ ਨੇ ਅੱਜ ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਦੀ ਅਗਵਾਈ ’ਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਿੱਲੀ- ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਜਾਮ ਕਰਦੇ ਹੋਏ ਰੋਸ ਧਰਨਾ ਦਿੱਤਾ। ਪੰਜਾਬ ਸਰਕਾਰ ਵਿਰੁੱਧ ਵਾਅਦਾਖ਼ਿਲਾਫੀ ਦਾ ਦੋਸ਼ ਲਾਉਂਦੇ ਹੋਏ ਆਗੂਆਂ ਨੇ ਕਿਹਾ ਕਿ ਇਹ ਪਲਟੀ ਮਾਰ ਸਰਕਾਰ ਹੈ ਜੋ ਰੋਜ਼ ਵਾਅਦੇ ਕਰਕੇ ਮੁੱਕਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੀਨੀ ਵਾਇਰਸ ਨਾਲ ਖਰਾਬ ਹੋਈ ਝੋਨੇ ਦੀ ਫਸਲ ਦਾ 60 ਹਜ਼ਾਰ ਪ੍ਰਤੀ ਏਕੜ ਅਤੇ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ। ਇਸ ਦੇ ਨਾਲ-ਨਾਲ ਪਰਾਲੀ ਨਾ ਸਾੜਨ ਦੇ ਬਦਲੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣਾ, 5 ਨਵੰਬਰ ਤੋਂ ਗੰਨਾ ਮਿੱਲਾਂ ਨੂੰ ਚਲਾਉਣ ਅਤੇ ਡੀਏਪੀ ਖਾਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਰੋਸ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਜ਼ਿਲ੍ਹਾ ਕਨਵੀਨਰ ਗੁਰਜਿੰਦਰ ਸਿੰਘ, ਗੁਰਦੀਪ ਸਿੰਘ ਕੋਟਲਾ ਆਦਿ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੋਟਲਾ, ਬਲਪ੍ਰੀਤ ਸਿੰਘ ਅਬਦਲਾਪੁਰ, ਬਲਵਿੰਦਰ ਸਿੰਘ ਘੇਲ, ਪ੍ਰਕਾਸ਼ ਸਿੰਘ, ਬਲਦੇਵ ਸਿੰਘ ਮੁੱਲਾਂਪੁਰ, ਅਵਤਾਰ ਸਿੰਘ, ਗੁਰਦੇਵ ਸਿੰਘ ਸੌਂਟੀ, ਉਤਮ ਸਿੰਘ ਬਰਵਾਲੀ ਕਲਾਂ, ਹਜੂਰਾ ਸਿੰਘ, ਭਜਨ ਸਿੰਘ, ਮਨਦੀਪ ਸਿੰਘ, ਸੁਖਦੀਪ ਸਿੰਘ, ਕਾਲਾ ਸਿੰਘ, ਬਲਵੀਰ ਸਿੰਘ ਮੁੱਲਾਂਪੁਰ, ਮਲਕੀਤ ਸਿੰਘ, ਸੁੱਚਾ ਸਿੰਘ ਅਤੇ ਰਾਜਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਧਰਨੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ
ਧਰਨੇ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (ਦੋਰਾਹਾ) ਪੁੱਤਰ ਸੰਤੋਖ ਸਿੰਘ, ਪਿੰਡ ਰਾਮਪੁਰ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਮੌਕੇ ’ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਧਰਨੇ ਦੌਰਾਨ ਕੁਲਦੀਪ ਸਿੰਘ ਦੀ ਛਾਤੀ ਵਿੱਚ ਦਰਦ ਹੋਇਆ ਅਤੇ ਤਬੀਅਤ ਖਰਾਬ ਹੋ ਗਈ, ਜਦੋਂ ਉਸ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਕਿਸਾਨ ਕੁਲਦੀਪ ਸਿੰਘ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਗਈ ਹੈ। ਰੋਸ ਧਰਨੇ ਦੌਰਾਨ ਜੱਥੇਬੰਦੀ ਦੇ ਸੁਬਾਈ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਅਤੇ ਸੁੱਬਾ ਕਮੇਟੀ ਮੈਂਬਰ ਮੇਹਰ ਸਿੰਘ ਖੇੜੀ ਨੇ ਕਿਹਾ ਕਿ ਕਿਸਾਨ ਦੀ ਮੌਤ ਸਰਕਾਰ ਦੀ ਅਣਗਹਿਲੀ ਕਰਕੇ ਹੋਈ ਹੈ। ਉਨ੍ਹਾਂ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਅਤੇ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਧਰਨੇ ਦੌਰਾਨ ਸ਼ਹੀਦ ਹੋਏ ਕਿਸਾਨ ਕੁਲਦੀਪ ਸਿੰਘ ਦੀ ਮੌਤ ਅਜਾਈ ਨਹੀ ਜਾਣ ਦਿਆਂਗੇ। ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਦੀ ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਹੀ ਲੱਗਦਾ ਹੈ। ਕਿਸਾਨ ਦੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਸਰਕਾਰ ਨੂੰ ਜਾਣੂ ਵੀ ਕਰਵਾਇਆ ਜਾ ਰਿਹਾ ਹੈ।