ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਜੁਲਾਈ
ਪੰਜਾਬ ’ਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਬਿਜਲੀ ਦੀ ਘਾਟ ਦੇ ਮੱਦੇਨਜ਼ਰ ਨਾਰਥ ਤੇ ਸੈਂਟਰਲ ਦੋ ਜ਼ੋਨਾਂ ’ਚ ਪੈਂਦੀ ਸਮੁੱਚੀ ਸਨਅਤ ’ਤੇ ਅੱਜ ਤੋਂ ਦੋ ਦਿਨ ਲਈ ਹਫਤਾਵਾਰੀ ਪਾਵਰ ਕੱਟ ਸ਼ੁਰੂ ਹੋ ਗਏ ਹਨ। ਇਸ ਵੇਲੇ ਸੂਬੇ ਦੇ ਖੇਤੀ ਸੈਕਟਰ ਤੋਂ ਇਲਾਵਾ ਘਰੇਲੂ ਖੇਤਰਾਂ ਵਿਚ ਘੰਟਿਆਂਬੱਧੀ ਬਿਜਲੀ ਕੱਟ ਲੱਗ ਰਹੇ ਹਨ। ਉਧਰ ਪਾਵਰਕੌਮ ਨੂੰ ਅੱਜ ਰੋਪੜ ਦੀ ਇੱਕ ਬੰਦ ਯੂਨਿਟ ਦੇ ਮੁੜ ਚੱਲਣ ਨਾਲ ਕੁਝ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੀ ਦੂਜੀ ਯੂਨਿਟ ਜਿਹੜੀ ਨੁਕਸ ਕਾਰਨ ਅੱਧੇ ਲੋਡ ’ਤੇ ਚਲ ਰਹੀ ਸੀ ਅੱਜ ਪੂਰੀ ਸਮਰੱਥਾ ’ਤੇ ਬਿਜਲੀ ਦੀ ਪੈਦਾਵਾਰ ’ਚ ਜੁੱਟ ਗਈ ਹੈ। ਦੋਵੇਂ ਯੂਨਿਟਾਂ ਤੋਂ ਪਾਵਰਕੌਮ ਨੂੰ 500 ਮੈਗਾਵਾਟ ਦੇ ਕਰੀਬ ਵਾਧੂ ਬਿਜਲੀ ਮਿਲਣ ਲੱਗੀ ਹੈ। ਪਾਵਰਕੌਮ ਵੱਲੋਂ ਅੱਜ ਤੋਂ ਜਲੰਧਰ ਤੇ ਲੁਧਿਆਣਾ ਦੋ ਜ਼ੋਨਾਂ ’ਚ ਜ਼ਰੂਰੀ ਸੇਵਾਵਾਂ ਦੀ ਸਨਅਤ ਨੂੰ ਛੱਡ ਕੇ ਬਾਕੀ ਸਨਅਤ ’ਤੇ ਦੋ ਦਿਨਾ ਹਫਤਾਵਾਰੀ ਪਾਵਰ ਕੱਟ ਵੀ ਆਰੰਭ ਦਿੱਤੇ ਹਨ।