ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਮਾਣਹਾਨੀ ਦੇ ਮਾਮਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਕੰਗਣਾ ਨੇ ਇੱਕ ਟਵੀਟ ਕਰਕੇ ਨਵੰਬਰ 2020 ਵਿਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਫ਼ਤਿਹਗੜ੍ਹ ਜੰਡੀਆਂ ਦੀ ਬਿਰਧ ਔਰਤ ਮਹਿੰਦਰ ਕੌਰ ਨੂੰ ਨਿਸ਼ਾਨਾ ਬਣਾਇਆ ਸੀ ਜੋ ਦਿੱਲੀ ਵਿਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਵਿਚ ਹਿੱਸਾ ਲੈਣ ਗਈ ਸੀ।
ਅਦਾਕਾਰਾ ਨੇ ਆਪਣੇ ਟਵੀਟ ’ਚ ਮਹਿਲਾ ਦੀ ਤਸਵੀਰ ’ਤੇ ਟਿੱਪਣੀ ਕਰਦਿਆਂ ਉਸ ਨੂੰ ਸੌ-ਸੌ ਰੁਪਇਆ ਭਾੜਾ ਲੈ ਕੇ ਆਉਣ ਵਾਲੀ ਔਰਤ ਦੱਸਿਆ ਸੀ। ਬਿਰਧ ਮਹਿਲਾ ਵੱਲੋਂ ਦਾਇਰ ਮਾਣਹਾਨੀ ਕੇਸ ਰੱਦ ਕਰਾਉਣ ਲਈ ਕੰਗਣਾ ਨੇ ਹਾਈ ਕੋਰਟ ’ਚ ਪਟੀਸ਼ਨ ਪਾਈ ਹੈ ਜਿਸ ’ਤੇ ਅੱਜ ਲੰਮੀ ਬਹਿਸ ਹੋਈ। ਅਦਾਲਤ ਨੇ 11 ਜੁਲਾਈ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਬਿਰਧ ਮਹਿਲਾ ਮਹਿੰਦਰ ਕੌਰ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਨੇ ਬਿਰਧ ਅਵਸਥਾ ਹੋਣ ਦੇ ਬਾਵਜੂਦ ਕਿਸਾਨ ਅੰਦੋਲਨ ’ਚ ਹਿੱਸਾ ਪਾਇਆ ਸੀ। ਇਹ ਮਾਈ ਪਹਿਲਾਂ ਵੀ ਕਿਸਾਨ ਘੋਲਾਂ ਵਿਚ ਜਾਣ ਤੋਂ ਕਦੇ ਨਹੀਂ ਖੁੰਝੀ ਸੀ। ਕੰਗਣਾ ਦੇ ਟਵੀਟ ਤੋਂ ਖ਼ਫ਼ਾ ਔਰਤਾਂ ਨੇ ਰੋਪੜ ਲਾਗੇ ਉਸ ਦੀ ਗੱਡੀ ਘੇਰ ਲਈ ਸੀ। ਮਹਿੰਦਰ ਕੌਰ ਨੇ ਕੰਗਣਾ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ ਪ੍ਰੰਤੂ ਉਸ ਨੇ ਅਜਿਹਾ ਨਾ ਕੀਤਾ। ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਬਠਿੰਡਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਕੰਗਣਾ ਰਣੌਤ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ ਅਤੇ 19 ਅਪਰੈਲ ਲਈ ਕੰਗਣਾ ਨੂੰ ਸੰਮਨ ਵੀ ਭੇਜੇ ਗਏ ਸਨ।