ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਮਾਰਚ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਅੱਜ ਇੱਥੇ ਸਥਾਨਕ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਪੇਸ਼ੀ ਭੁਗਤੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 21 ਅਪਰੈਲ ਨੂੰ ਰੱਖੀ ਗਈ ਹੈ। ‘ਆਪ’ ਆਗੂ ਖ਼ਿਲਾਫ਼ ਇਹ ਕੇਸ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਰਜ ਕਰਵਾਇਆ ਗਿਆ ਸੀ। ਪੇਸ਼ੀ ਭੁਗਤਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੈ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਇਸ ਕੇਸ ਵਿੱਚ ਨਿਆਂ ਹੋਵੇਗਾ। ਉਨ੍ਹਾਂ ਨੇ ‘ਆਪ’ ਦੇ ਹੱਕ ਵਿੱਚ ਵੱਡਾ ਸਮਰਥਨ ਦੇਣ ਲਈ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ‘ਆਪ’ ਵੱਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਵਾਅਦਿਆਂ ਅਤੇ ਉਮੀਦਾਂ ਤੋਂ ਵੱਧ ਕੇ ਕੰਮ ਕੀਤਾ ਹੈ, ਜਿਸ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਅਤੇ ‘ਆਪ’ ਉੱਤੇ ਵਿਸ਼ਵਾਸ ਕਰਦਿਆਂ ਵੱਡੀ ਜਿੱਤ ਦਿਵਾਈ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਸੰਜੈ ਸਿੰਘ ਅਤੇ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ’ਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਣ ਦੇ ਦੋਸ਼ ਲਾਏ ਸਨ। ਇਸ ਸਬੰਧੀ ਮਜੀਠੀਆ ਨੇ ਦੋਵਾਂ ‘ਆਪ’ ਆਗੂਆਂ ਖ਼ਿਲਾਫ਼ ਮਾਣਹਾਨੀ ਦੇ ਕੇਸ ਦਰਜ ਕਰਵਾਏ ਸਨ। ਕੇਜਰੀਵਾਲ ਨੇ ਅਦਾਲਤ ਵਿਚ ਮੁਆਫੀਨਾਮਾ ਦੇ ਦਿੱਤਾ ਸੀ ਅਤੇ ਕੇਸ ਖਤਮ ਹੋ ਗਿਆ ਸੀ ਪਰ ਸੰਜੈ ਸਿੰਘ ਖ਼ਿਲਾਫ਼ ਕੇਸ ਹਾਲੇ ਜਾਰੀ ਹੈ।