ਜੋਗਿੰਦਰ ਸਿੰਘ ਮਾਨ
ਮਾਨਸਾ, 6 ਅਕਤੂਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਭਜਾਉਣ ਦੇ ਮਾਮਲੇ ਵਿੱਚ ਅੱਜ ਵਿਸ਼ੇਸ਼ ਜਾਂਚ ਕਮੇਟੀ ਸਿਟ ਦੇ ਚੇਅਰਮੈਨ ਐੱਮਐੱਸ ਛੀਨਾ (ਆਈ.ਜੀ ਪਟਿਆਲਾ ਰੇਂਜ) ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਏਆਈਜੀ ਓਪਿੰਦਰਜੀਤ ਸਿੰਘ ਘੁੰਮਣ ਸਮੇਤ ਸਿਟ ਦੇ ਮੈਂਬਰ ਅਤੇ ਐੱਸਐੱਸਪੀ ਮਾਨਸਾ ਗੌਰਵ ਤੂਰਾ ਵੱਲੋਂ ਲਗਪਗ ਛੇ ਘੰਟੇ ਸੀਆਈਏ ਮਾਨਸਾ ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਸਿੰਘ ਤੋਂ ਪੁੱਛ-ਪੜਤਾਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁੱਛ-ਪੜਤਾਲ ਦੌਰਾਨ ਪ੍ਰਿਤਪਾਲ ਸਿੰਘ ਨੇ ਕਈ ਅਹਿਮ ਖੁਲਾਸੇ ਕੀਤੇ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲੀਸ ਨੇ ਜਾਂਚ ਵੀ ਆਰੰਭ ਦਿੱਤੀ ਹੈ। ਪ੍ਰਿਤਪਾਲ ਨਾਲ ਪੁੱਛ ਪੜਤਾਲ ਮਗਰੋਂ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਪ੍ਰਿਤਪਾਲ ਸਿੰਘ ਦੇ ਮੋਬਾਈਲ ਫੋਨ ਅਤੇ ਉਸ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਿਤਪਾਲ ਸਿੰਘ ਦਾ ਰਿਮਾਂਡ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ ਇਸ ਪੁੱਛ-ਪੜਤਾਲ ਨੂੰ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਇਸ ਦੌਰਾਨ ਤਿੰਨੇ ਉੱਚ ਅਧਿਕਾਰੀਆਂ ਤੋਂ ਬਿਨਾ ਹੋਰ ਕਿਸੇ ਵੀ ਅਧਿਕਾਰੀ ਨੂੰ ਕੋਲ ਨਹੀਂ ਬਿਠਾਇਆ ਗਿਆ।
ਇਸੇ ਦੌਰਾਨ ਸਿਟ ਦੇ ਅਧਿਕਾਰੀਆਂ ਨੇ ਬਰਖਾਸਤ ਸਬ-ਇੰਸਪੈਕਟਰ ਨਾਲ ਨੇੜਤਾ ਰੱਖਣ ਵਾਲਿਆਂ ਬਾਰੇ ਵੀ ਜਾਂਚ ਆਰੰਭ ਦਿੱਤੀ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਭਾਵੇਂ ਭਲਕੇ ਪ੍ਰਿਤਪਾਲ ਸਿੰਘ ਦਾ ਪੁਲੀਸ ਰਿਮਾਂਡ ਖ਼ਤਮ ਹੋ ਰਿਹਾ ਹੈ, ਪਰ ਰਿਮਾਂਡ ਵਿੱਚ ਵਾਧਾ ਕਰਵਾਉਣ ਲਈ ਅਦਾਲਤ ਵਿੱਚ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਮਹੱਤਵਪੂਰਨ ਜਾਣਕਾਰੀਆਂ ਹਾਲੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਇਸ ਨਾਲ ਕੇਸ ਦੀ ਜਾਂਚ ਵਿੱਚ ਵਿਘਨ ਪੈ ਸਕਦਾ ਹੈ, ਪਰ ਉਨ੍ਹਾਂ ਇਸ਼ਾਰਾ ਕੀਤਾ ਕਿ ਪੁਲੀਸ ਦੀਪਕ ਟੀਨੂ ਦੇ ਭੱਜਣ ਦੀ ਅਸਲ ਤਹਿ ਤੱਕ ਪੁੱਜ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ੋਸਲ ਮੀਡੀਆ ਅਤੇ ਕੁਝ ਚੈਨਲਾਂ ’ਤੇ ਗ਼ਲਤ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਧਰ ਸਵਾਲ ਖੜ੍ਹੇ ਹੋ ਰਹੇ ਹਨ ਕਿ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਸੀਆਈਏ ਇੰਚਾਰਜ ਦੀ ਕੋਠੀ ਸੀਲ ਕਿਉਂ ਨਹੀਂ ਕੀਤੀ ਗਈ, ਜਿੱਥੋਂ ਤਿੰਨ ਹਥਿਆਰ ਵੀ ਬਰਾਮਦ ਹੋਏ ਹਨ। ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਨੂੰ ਅਚਨਚੇਤ ਖਾਲੀ ਕਰ ਦੇਣਾ ਵੀ ਸ਼ੰਕੇ ਖੜ੍ਹੇ ਕਰ ਰਿਹਾ ਹੈ।