ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 11 ਸਤੰਬਰ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀ, ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਫਰਜ਼ੀ ਦਸਤਾਵੇਜ਼ਾਂ ਨਾਲ ਦੁਬਈ ਭੱਜਣ ਦੀ ਸਾਜ਼ਿਸ਼ ਵਿੱਚ ਸਨ। ਤਿੰਨਾਂ ਮੁਲਜ਼ਮਾਂ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ ‘ਤੇ ਇਨ੍ਹਾਂ ਨੇ ਭੱਜਣ ਦੀ ਸਾਜ਼ਿਸ ਰਚੀ ਸੀ। ਬਰਾੜ ਨੇ ਕਪਿਲ ਅਤੇ ਜੋਕਰ ਨੂੰ ਮੁੰਡੀ ਨੂੰ ਭੱਜਣ ਵਿੱਚ ਮਦਦ ਕਰਨ ਦਾ ਕੰਮ ਸੌਂਪਿਆ ਸੀ। ਉਹ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਛੁਪਣਗਾਹਾਂ ‘ਤੇ ਰਹੇ। ਅੱਜ ਇਥੇ ਪ੍ਰੈਸ ਕਾਨਫਰੰਸ ਵਿੱਚ ਡੀਜੀਪੀ ਨੇ ਕਿਹਾ ਕਿ ਕਪਿਲ ਨੇ ਇਸ ਤੋਂ ਪਹਿਲਾਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ‘ਤੇ ਅਭਿਨੇਤਾ ਸਲਮਾਨ ਖਾਨ ਦੇ ਘਰ ਅਤੇ ਉਸ ਦੀਆਂ ਸਰਗਰਮੀਆਂ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਹਰਿਆਣਾ ਪੁਲੀਸ ਨੇ ਇਸ ਤੋਂ ਪਹਿਲਾਂ ਗੈਂਗਸਟਰ ਨਹਿਰਾ ਨੂੰ ਸਲਮਾਨ ਖਾਨ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਸ੍ਰੀ ਯਾਦਵ ਨੇ ਕਿਹਾ ਕਿ ਕਪਿਲ ਨੇ ਪੁੱਛ ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਸਲਮਾਨ ਖਾਨ ਦੀ ਰੇਕੀ ਕੀਤੀ ਸੀ।ਡੀਜੀਪੀ ਨੇ ਅੱਗੇ ਕਿਹਾ ਕਿ ਪੰਜਾਬ ਪੁਲੀਸ ਨੇ ਮੂਸੇਵਾਲਾ ਕੇਸ ਵਿੱਚ 35 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿੱਚ ਤਾਜ਼ਾ ਤਿੰਨ ਗ੍ਰਿਫਤਾਰੀਆਂ ਵੀ ਸ਼ਾਮਲ ਹਨ।