ਜਸਵੰਤ ਜੱਸ
ਫ਼ਰੀਦਕੋਟ, 4 ਅਪਰੈਲ
ਕਿਰਤੀ ਕਿਸਾਨ ਯੂਨੀਅਨ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀ ਨੌਂ ਵਿੱਚ ਅੱਜ ਸੱਦੀ ਗਈ ਮੀਟਿੰਗ ਦਾ ਦੀਪ ਸਿੱਧੂ ਦੇ ਕੁਝ ਸਮਰਥਕਾਂ ਨੇ ਵਿਰੋਧ ਕਰਦਿਆਂ ਚਿਤਾਵਨੀ ਦਿੱਤੀ ਸੀ ਕਿ ਕਿਸਾਨਾਂ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਮੀਟਿੰਗ ਨਹੀਂ ਕਰਨ ਦਿੱਤੀ ਜਾਵੇਗੀ। ਸਿੱਧੂ ਦੇ ਸਮਰਥਕਾਂ ਨੇ ਇਹ ਧਮਕੀ ਸੋਸ਼ਲ ਮੀਡੀਆ ’ਤੇ ਦਿੱਤੀ ਸੀ, ਜਿਸ ਦੇ ਬਾਵਜੂਦ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸਮਾਰਟ ਬਿਜਲੀ ਮੀਟਰਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਤੇ ਕੇਂਦਰ ਵੱਲੋਂ ਪੰਜਾਬ ਖ਼ਿਲਾਫ਼ ਲਏ ਜਾ ਰਹੇ ਫ਼ੈਸਲਿਆਂ ਬਾਰੇ ਵਿਚਾਰ-ਚਰਚਾ ਕਰਨ ਲਈ ਯੂਨੀਅਨ ਦੀ ਮੀਟਿੰਗ ਸੱਦੀ।
ਇਸ ਵਿਵਾਦ ਦੀ ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨ ਨੇ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਪਰ ਦੋਵੇਂ ਧਿਰਾਂ ਆਪਣੀ ਗੱਲ ’ਤੇ ਅੜੀਆਂ ਰਹੀਆਂ। ਪਿੰਡ ਵਿੱਚ ਮਾਹੌਲ ਨਾ ਵਿਗੜੇ ਇਸ ਲਈ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਪੁਲੀਸ ਬਲ ਵੀ ਤਾਇਨਾਤ ਕੀਤਾ ਗਿਆ। ਇਸ ਮਗਰੋਂ ਕਿਸਾਨ ਜਥੇਬੰਦੀ ਨੇ ਇੱਕ ਕਿਸਾਨ ਆਗੂ ਦੇ ਘਰ ਵਿੱਚ ਮੀਟਿੰਗ ਕੀਤੀ।
ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪਿੰਡ ਵਿੱਚ ਰੱਖੀ ਗਈ ਮੀਟਿੰਗ ਵਿੱਚ ਕਿਸਾਨ ਹਿਤੈਸ਼ੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ, ਪਰ ਦੀਪ ਸਿੱਧੂ ਦੇ ਸਮਰਥਕਾਂ ਨੇ ਜਥੇਬੰਦੀ ਬਾਰੇ ਦੁਰਪ੍ਰਚਾਰ ਕਰਦਿਆਂ ਸੋਸ਼ਲ ਮੀਡੀਆ ’ਤੇ ਧਮਕੀ ਦਿੱਤੀ ਸੀ ਕਿ ਉਹ ਮੀਟਿੰਗ ਨਹੀਂ ਹੋਣ ਦੇਣਗੇ। ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਨਾਲ ਕਿਸੇ ਵੀ ਮੁੱਦੇ ’ਤੇ ਗੱਲਬਾਤ ਕਰਨ ਲਈ ਤਿਆਰ ਹਨ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਦੀ ਸ਼ਹਿ ’ਤੇ ਕਿਸਾਨਾਂ ਦੀ ਮੀਟਿੰਗ ਸਬੰਧੀ ਜਾਣ-ਬੁੱਝ ਕੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਦੂਜੇ ਪਾਸੇ ਗੁਰਪ੍ਰੀਤ ਸਿੰਘ ਹਰੀ ਨੌਂ ਅਤੇ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਸਾਨੀ ਅੰਦੋਲਨ ਦੌਰਾਨ ਦੀਪ ਸਿੱਧੂ ਖ਼ਿਲਾਫ਼ ਇਤਰਾਜ਼ਯੋਗ ਭਾਸ਼ਣ ਦਿੱਤਾ ਸੀ। ਮੀਟਿੰਗ ਦਾ ਵਿਰੋਧ ਕਰ ਰਹੇ ਸਿੱਧੂ ਸਮਰਥਕਾਂ ਨੇ ਕਿਹਾ ਕਿ ਕੁਝ ਕਾਮਰੇਡ ਆਗੂ ਸਿੱਖ ਆਗੂਆਂ ਨੂੰ ਬਦਨਾਮ ਕਰ ਰਹੇ ਹਨ ਤੇ ਇਸੇ ਰੋਸ ਵਜੋਂ ਮੀਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਪਿੰਡ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੀਟਿੰਗ ਕੀਤੀ ਹੈ, ਜੋ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪਿੰਡ ਵਿੱਚ ਮਾਹੌਲ ਠੀਕ ਰੱਖਣ ਲਈ ਪੁਲੀਸ ਬਲ ਤਾਇਨਾਤ ਕੀਤਾ ਸੀ।