ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜਨਵਰੀ
ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਹੋਈ ਹਿੰਸਾ ਵਿਚ ਅਦਾਕਾਰ ਦੀਪ ਸਿੱਧੂ ਦਾ ਨਾਂ ਸਾਹਮਣੇ ਆ ਰਿਹਾ ਹੈ। ਉਸ ਦੀ ਕਿਸਾਨ ਸੰਘਰਸ਼ ’ਚ ਐਂਟਰੀ ਲਈ ਸ਼ੰਭੂ ਬੈਰੀਅਰ ਮੁੱਖ ਆਧਾਰ ਬਣਿਆ। ਕਿਸਾਨ ਸੰਗਠਨ ਵੱਲੋਂ ਦਿੱਤੇ ਗਏ ਸੱੱਦੇ ’ਤੇ ਜਦੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਿਖਾਵੇ ਹੋਏ ਤਾਂ ਦੀਪ ਸਿੱਧੂ ਪਿਛਲੇ ਸਾਲ 25 ਸਤੰਬਰ ਨੂੰ ਹਜ਼ਾਰਾਂ ਨੌਜਵਾਨਾਂ ਸਣੇ ਸ਼ੰਭੂ ਬੈਰੀਅਰ ਪੁੱਜਿਆ ਸੀ।
ਖੇਤੀ ਕਾਨੂੰਨਾਂ ਖ਼ਿਲਾਫ਼ ਹੋਇਆ ਇਹ ਪਲੇਠਾ ਵੱਡਾ ਇਕੱਠ ਸੀ, ਜਿਸ ਵਿਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਸਨ। ਦੀਪ ਸਿੱਧੂ ਦਾ ਨਾਂ ਮੁੱਖ ਰੂਪ ਵਿਚ ਪਹਿਲੀ ਵਾਰ ਸ਼ੰਭੂ ਤੋਂ ਹੀ ਜੁੜਿਆ ਸੀ। ਇਸ ਮਗਰੋਂ ਸ਼ੰਭੂ ਬੈਰੀਅਰ ’ਤੇ ਹੀ ਦੀਪ ਸਿੱਧੂ ਦੀ ਅਗਵਾਈ ਹੇਠ ਦੋ ਮਹੀਨੇ ਪੱਕਾ ਮੋਰਚਾ ਵੀ ਚੱਲਿਆ।
ਦੀਪ ਸਿੱਧੂ ਦੀ ਅਗਵਾਈ ਹੇਠ ਵੱਡੀ ਗਿਣਤੀ ਨੌਜਵਾਨਾਂ ਨੇ 4 ਅਕਤੂਬਰ 2020 ਨੂੰ ਸ਼ੰਭੂ ਬੈਰੀਅਰ ’ਤੇ ਪੱਕਾ ਮੋਰਚਾ ਲਾ ਦਿੱਤਾ ਸੀ। ਦੀਪ ਸਿੱਧੂ ਉਥੇ ਰੋਜ਼ਾਨਾ ਤਕਰੀਰਾਂ ਕਰਦਾ ਸੀ। ਉਹ ਆਖਦਾ ਸੀ ਕਿ ਇਹ ਮੋਰਚਾ ਕਿਸਾਨੀ ਮਸਲਿਆਂ ਤਕ ਹੀ ਸੀਮਤ ਨਹੀਂ ਹੈ ਬਲਕਿ ਪੰਜਾਬੀਆਂ ਨਾਲ਼ ਜੁੜੀਆਂ ਹੋਰਨਾਂ ਮੰਗਾਂ, ਮੁਸ਼ਕਲਾਂ ਅਤੇ ਮਸਲਿਆਂ ਨਾਲ ਵੀ ਸਬੰਧਿਤ ਹੈ। ਉਸ ਨੇ ਪੰਜਾਬੀਆਂ ਦੀ ਭਲਾਈ ਲਈ ਇਕਜੁੱਟ ਹੋ ਕੇ ਚੱਲਣ ਲਈ ਸਮੂਹ ਧਿਰਾਂ ਨੂੰ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਸੀ। ਇਸ ਧਰਨੇ ਦੌਰਾਨ ਰਾਜਸੀ ਤੇ ਧਾਰਮਿਕ ਆਗੂਆਂ ਨੇ ਵੀ ਹਾਜ਼ਰੀ ਲਵਾਈ ਸੀ।
ਉਹ ਬਾਕੀ ਕਿਸਾਨਾਂ ਨਾਲ 26 ਨਵੰਬਰ ਨੂੰ ਸ਼ੰਭੂ ਬੈਰੀਅਰ ਰਾਹੀਂ ਹੀ ਦਿੱਲੀ ਪੁੱਜਾ। ਦੀਪ ਸਿੱਧੂ ਨੇ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਰਾਖੀ ਖਾਤਰ ਸੰਘਰਸ਼ ਕਰਨ ਦੀ ਗੱਲ ਵੀ ਆਖੀ ਸੀ।