ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਪੰਜਾਬੀ ਭਾਸ਼ਾ ’ਚੋਂ ਭੁੱਲਦੇ ਜਾ ਰਹੇ ਸ਼ਬਦ ਮੁੜ ਉਭਾਰਨ ਦੀ ਕੋਸ਼ਿਸ਼ ਕਰਨ ਵਾਲੇ ਡਾ. ਸੁਨੀਲ ਭਾਟੀਆ ਵੱਲੋਂ ਸੰਪਾਦਿਤ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦਾ ਮੈਗਜ਼ੀਨ ‘ਸਲਾਹੀਯਤ’ ਅੱਜ ਇੱਥੇ ਕੇਂਦਰੀ ਸਿੰਘ ਸਭਾ ਵਿੱਦਿਆ ਕੇਂਦਰ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੇਵਾਮੁਕਤ ਸੈਸ਼ਨ ਜੱਜ ਐੱਮਐੱਸ ਨਾਗਰਾ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਜਸਪਾਲ ਸਿੰਘ ਸਿੱਧੂ, ਪ੍ਰੋ. ਮਨਜੀਤ ਸਿੰਘ, ਡਾ. ਖੁਸ਼ਹਾਲ ਸਿੰਘ, ਡਾ. ਪਿਆਰੇ ਲਾਲ ਗਰਗ, ਡਾ. ਸੁਖਦੇਵ ਸਿੰਘ ਸਿਰਸਾ, ਗੁਰਪ੍ਰੀਤ ਸਿੰਘ ਅਤੇ ਐੱਨਐੱਸ ਨਾਗਰਾ ਨੇ ਦੋਵਾਂ ਪੰਜਾਬਾਂ ਵਿੱਚ ਭਾਸ਼ਾ ਅਤੇ ਸੱਭਿਆਚਾਰ ’ਚ ਵੱਧ ਰਹੇ ਵਖਰੇਵਿਆਂ ’ਤੇ ਚਿੰਤਾ ਜ਼ਾਹਿਰ ਕੀਤੀ। ਡਾ. ਸੁਨੀਲ ਭਾਟੀਆ ਨੇ ਕਿਹਾ ਕਿ 1947 ਵਿੱਚ ਦੇਸ਼ ਦੀ ਵੰਡ ਦੇ ਨਾਲ ਭਾਸ਼ਾ ਅਤੇ ਸੱਭਿਆਚਾਰ ਵੀ ਵੰਡਿਆ ਗਿਆ, ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਲੋਕਾਂ ਨੂੰ ਪੰਜਾਬੀ ਦੇ ਕਈ ਸ਼ਬਦ ਅਤੇ ਮੁਹਾਵਰੇ ਭੁੱਲਦੇ ਜਾ ਰਹੇ ਹਨ। ਅਜਿਹੇ ਸ਼ਬਦਾਂ ਨੂੰ ਮੁੜ ਇਕੱਠੇ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸੱਭਿਆਚਾਰ ਜਿਊਂਦਾ ਰੱਖਣ ਲਈ ਭਾਸ਼ਾ ਦਾ ਜਿਊਂਦਾ ਹੋਣਾ ਲਾਜ਼ਮੀ ਹੈ। ਸਮਾਗਮ ਵਿੱਚ ਹਾਜ਼ਰ ਬੁੱਧੀਜੀਵੀਆਂ ਨੇ ਦੋਵਾਂ ਪੰਜਾਬਾਂ ਵਿੱਚ ਭਾਸ਼ਾ ਅਤੇ ਸੱਭਿਆਚਾਰ ’ਚ ਵੱਧ ਰਹੇ ਵਖਰੇਵਿਆਂ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਪੰਜਾਬਾਂ ਦੀ ਭਾਸ਼ਾ ਅਤੇ ਸੱਭਿਆਚਾਰ ਵਿੱਚ ਬਹੁਤਾ ਫਰਕ ਨਹੀਂ ਹੈ। ਜੇ ਦੋਵਾਂ ਥਾਵਾਂ ’ਤੇ ਭਾਸ਼ਾ ਨੂੰ ਮੁੜ ਉਭਾਰਿਆ ਜਾਵੇ ਤਾਂ ਲੋਕਾਂ ਦੇ ਮਨਾਂ ਵਿੱਚ ਆਪਸੀ ਮੋਹ ਵੀ ਵਧੇਗਾ।
ਇਸ ਮੌਕੇ ਪ੍ਰੋ. ਮਨਦੀਪ ਸ਼ਰਮਾ, ਡਾ. ਹਰਦੀਪ ਸਿੰਘ, ਡਾ. ਜਤਿੰਦਰ, ਪ੍ਰੋ. ਬਲਵਿੰਦਰ ਚਾਹਲ, ਐਡਵੋਕੇਟ ਅਸ਼ਵਨੀ ਬਖਸ਼ੀ, ਐਡਵੋਕੇਟ ਸੁਰਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।