ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 8 ਜੁਲਾਈ
ਰੇਡੀਓ, ਟੀਵੀ ਅਤੇ ਅਖ਼ਬਾਰਾਂ ਵਿੱਚ ਪੱਤਰਕਾਰੀ ਕਰ ਚੁੱਕੇ ਸਿੱਧੂ ਦਮਦਮੀ ਦੀ ਮੀਡੀਆ ਸਵੈ-ਜੀਵਨੀ ਵਾਲੀ ਪੰਜਵੀਂ ਕਿਤਾਬ ‘ਖ਼ਬਰ ਖਤਮ’ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਡਾ. ਮਨਮੋਹਨ ਨੇ ਕਿਹਾ ਕਿ ਸਾਡੇ ਕੋਲ ‘ਸਾਹਿਤਕ ਪੱਤਰਕਾਰੀ’ ਦੀ ਵੱਡੀ ਘਾਟ ਰਹੀ ਹੈ, ਜਿਸ ਦੀ ਪੂਰਤੀ ‘ਖ਼ਬਰ ਖਤਮ’ ਕਿਤਾਬ ਕਰੇਗੀ। ਇਹ ਕਿਤਾਬ ਸਾਨੂੰ ਹਾਲੀਆ ਇਤਿਹਾਸ ਨੂੰ ਸਮਝਣ ਵਿੱਚ ਵੀ ਸਹਾਈ ਹੋਵੇਗੀ। ਮਿੰਦਰ ਨੇ ਕਿਹਾ ਕਿ ਸੱਚ ਨੂੰ ਫੜ ਲੈਣਾ ਹੀ ਪੱਤਰਕਾਰੀ ਹੈ। ਹੁਣ ਪੱਤਰਕਾਰੀ ਵਿੱਚ ਖ਼ਬਰ ਰਾਹੀਂ ਕ੍ਰਾਂਤੀ ਖਤਮ ਹੋ ਚੁੱਕੀ ਹੈ, ਲਿਹਾਜ਼ਾ ਖ਼ਬਰ ਵੀ ਖਤਮ ਹੋ ਚੁੱਕੀ ਹੈ। ਸੁਰਿੰਦਰ ਤੇਜ ਨੇ ਕਿਹਾ ਕਿ ਸਿੱਧੂ ਦਮਦਮੀ ਦੀ ਲੇਖਣੀ ਵਿੱਚ ਬਹੁਤ ਠਹਿਰਾਓ ਆਇਆ ਹੈ, ਜੋ ਹਥਲੀ ਪੁਸਤਕ ਵਿੱਚ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਖ਼ਬਰ ਖਤਮ ਹੋ ਰਹੀ ਹੈ। ਹੁਣ ਖ਼ਬਰ ਨਹੀਂ ਰਹੀ, ਪ੍ਰੈੱਸ ਨੋਟ ਵਧੇਰੇ ਚੱਲ ਰਹੇ ਹਨ। ਜਸਪਾਲ ਸਿੰਘ ਨੇ ਕਿਹਾ ਕਿ ਸਿੱਧੂ ਦਮਦਮੀ ਨੇ ਪੱਤਰਕਾਰੀ ਦੀ ਪੜਚੋਲ ਕੀਤੀ ਹੈ। ਹਥਲੀ ਪੁਸਤਕ ਵਿੱਚ ਉਨ੍ਹਾਂ ਦੀ ਭਾਸ਼ਾ ਕਾਵਿਕ ਤੇ ਸੰਖੇਪ ਹੈ ਅਤੇ ਵਾਕ ਬਣਤਰ ਵੀ ਢੁਕਵੀਂ ਹੈ।
ਨਵਜੀਤ ਜੌਹਲ ਨੇ ਕਿਹਾ ਕਿ ਖ਼ਬਰ ਜਿੱਥੇ ਖਤਮ ਹੁੰਦੀ ਹੈ, ਹਥਲੀ ਕਿਤਾਬ ਉੱਥੋਂ ਸ਼ੁਰੂ ਹੁੰਦੀ ਹੈ। ਪੁਸਤਕ ਵਿੱਚ ਸਾਹਿਤਕ ਰਵਾਨੀ ਵੇਖਣ ਨੂੰ ਮਿਲਦੀ ਹੈ। ਇਹ ਕਿਤਾਬ ਬੜੇ ਸਿਦਕ ਨਾਲ ਲਿਖੀ ਗਈ ਹੈ। ਜੇ ਪੱਤਰਕਾਰ ਸੰਵੇਦਨਸ਼ੀਲ ਨਹੀਂ ਤਾਂ ਉਹ ਸੁਹਿਰਦ ਪੱਤਰਕਾਰੀ ਨਹੀਂ ਕਰ ਸਕਦਾ। ਗੁਰਦੇਵ ਚੌਹਾਨ ਨੇ ਕਿਹਾ ਕਿ ਅੱਜ-ਕੱਲ੍ਹ ਜਾਅਲੀ ਖ਼ਬਰਾਂ ਦਾ ਰੁਝਾਨ ਹੈ, ਜਿਨ੍ਹਾਂ ਦੀ ਸਾਰਥਿਕਤਾ ਵੀ ਨਹੀਂ ਰਹੀ। ਨਿਰੁਪਮਾ ਦੱਤ ਨੇ ਕਿਹਾ ਕਿ ਸਿੱਧੂ ਦਮਦਮੀ ਜੋ ਕੰਮ ਕਰਦੇ ਹਨ, ਸ਼ਿੱਦਤ ਤੇ ਜੋਸ਼ ਨਾਲ ਕਰਦੇ ਹਨ। ਪੱਤਰਕਾਰੀ ਬਾਰੇ ਉਨ੍ਹਾਂ ਕਿਹਾ ਕਿ ਜਿਸ ਗੱਲ ਨੂੰ ਕੋਈ ਲੁਕਾਉਣਾ ਚਾਹੁੰਦਾ ਹੈ, ਉਹ ਖ਼ਬਰ ਹੁੰਦੀ ਹੈ, ਬਾਕੀ ਸਭ ਪਬਲੀਕੇਸ਼ਨ ਹੈ।
ਲੋਕ ਗੀਤ ਪ੍ਰਕਾਸ਼ਨ ਦੁਆਰਾ ਛਾਪੀ ਗਈ ਇਸ ਕਿਤਾਬ ਵਿੱਚ ‘ਗੱਪ-ਸੱਚ ਦਾ ਸੰਸਾਰ’, ‘ਟੀਵੀਕਾਰੀ’, ‘ਮੀਡੀਆ ਦੀਆਂ ਮੋਰੀਆਂ’ ਅਤੇ ‘ਦਾਗਦਾਰੀਆਂ’ ਵਰਗੇ ਸਿਰਲੇਖ ਸ਼ਾਮਲ ਹਨ।