ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 14 ਦਸੰਬਰ
ਭੂਤਵਾੜਾ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਤੇ ਜ਼ਿਲ੍ਹਾ ਲਿਖਾਰੀ ਸਭਾ ਦੇ ਸਹਿਯੋਗ ਨਾਲ ਪਰਮਜੀਤ ਕੌਰ ਸਰਹਿੰਦ ਦੀ ਸਵੈ-ਜੀਵਨੀ ‘ਰਾਹਾਂ ਦੇ ਰੁਦਨ’ ਮਾਤਾ ਗੁਜਰੀ ਕਾਲਜ ਦੇ ਸੈਮੀਨਾਰ ਹਾਲ ਵਿੱਚ ਲੇਖਕਾ ਕਾਨਾ ਸਿੰਘ ਨੇ ਲੋਕ ਅਰਪਣ ਕੀਤੀ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫਸਰ ਹਰਭਜਨ ਕੌਰ ਨੇ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਹਰਿੰਦਰ ਕੌਰ ਪਦਮ ਪੁੱਜੇ। ਸਮਾਗਮ ਦੌਰਾਨ ਮਾਤਾ ਗੁਜਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਸੁਖਵਿੰਦਰ ਸਿੰਘ, ਸਰਕਾਰੀ ਮਲਟੀਪਰਪਜ਼ ਸਕੂਲ ਪਟਿਆਲਾ ਦੇ ਲੈਕਚਰਾਰ ਡਾ. ਆਸ਼ਾ ਕਿਰਨ ਤੇ ਜਸਵੀਰ ਕੌਰ ਭੱਲਮਾਜਰਾ ਨੇ ਪੁਸਤਕ ਸਬੰਧੀ ਖੋਜ ਪਰਚੇ ਪੜ੍ਹੇ ਅਤੇ ਸਾਹਿਤਕ, ਵਿਚਾਰਧਾਰਕ ਤੇ ਸਮਾਜਿਕ ਪੱਖੋਂ ਖੋਜ ਨੁਕਤੇ ਉਘਾੜੇ। ਭੂਤਵਾੜਾ ਵੈੱਲਫੇਅਰ ਫਾਊਂਡੇਸ਼ਨ ਨੇ ਇਸ ਮੌਕੇ ਪੀਰ ਗਰੁੱਪ ਦਾ ਐਲਾਨ ਕੀਤਾ, ਜਿਸ ਵਿੱਚ ਪਰਮਜੀਤ ਕੌਰ ਸਰਹਿੰਦ ਤੋਂ ਇਲਾਵਾ ਦਰਸ਼ਨ ਇੰਦਰ ਕੌਰ ਵਾਸੂ, ਮਨਜੀਤ ਕੌਰ ਸਨੌਰ, ਗੁਰਮੀਤ ਕੌਰ ਖੰਗੂੜਾ, ਮੁਖਤਿਆਰ ਕੌਰ ਭੰਗੂ, ਗੁਰਦੀਪ ਕੌਰ ਸਿੱਧੂ, ਸੁਖਦੀਪ ਕੌਰ ਵੜਿੰਗ ਤੇ ਸਰਬਜੀਤ ਕੌਰ ਖਹਿਰਾ ਸ਼ਾਮਲ ਕੀਤੇ ਗਏ ਹਨ। ਬੀਬੀ ਕਾਨਾ ਸਿੰਘ ਨੇ ਕਿਹਾ ਕਿ ਬੀਬੀ ਸਰਹਿੰਦ ਦੀ ਪੁਸਤਕ, ਸੱਭਿਆਚਾਰ ਲਈ ਇੱਕ ਵੱਡਾ ਸਮਾਜਿਕ ਤੇ ਸਾਹਿਤਕ ਦਸਤਾਵੇਜ਼ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਸ਼ਾ ਮਾਹਿਰ-ਕਮ-ਡਿਪਟੀ ਡਾਇਰੈਕਟਰ ਰਾਮਿੰਦਰਜੀਤ ਸਿੰਘ ਨੇ ਕਿਹਾ ਕਿ ਸਵੈ-ਜੀਵਨੀਆਂ ਭਾਵੇਂ ਇੱਕ ਮਨੁੱਖ ਦੇ ਆਪਣੇ ਜੀਵਨ ਸਫ਼ਰ ਦੀ ਗਾਥਾ ਹੁੰਦੀਆਂ ਹਨ ਪਰ ਉਨ੍ਹਾਂ ਵਿੱਚ ਹਰ ਕਿਸੇ ਨੂੰ ਸੇਧ ਦੇਣ ਦੀ ਸਮਰੱਥਾ ਹੁੰਦੀ ਹੈ। ਸਮਾਗਮ ਵਿੱਚ ਭੂਤਵਾੜਾ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਨੌਰ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਛਾਜਲੀ, ਮੈਂਬਰ ਗੁਰਜੰਟ ਸਿੰਘ ਜਖੇਪਲ, ਖੁਸ਼ਪ੍ਰੀਤ ਸਿੰਘ ਤੇ ਨਵਦੀਪ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਸਤਿਕਾਰ ਪ੍ਰਾਪਤ ਮਾਤਾਵਾਂ ਵਿੱਚ ਬੰਤ ਕੌਰ ਜਖੇਪਲ, ਅਮਰਜੀਤ ਕੌਰ, ਜਸਬੀਰ ਕੌਰ ਧਾਲੀਵਾਲ, ਬਲਜੀਤ ਕੌਰ ਟਿਵਾਣਾ ਤੇ ਕੁਲਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਬੀਬੀ ਪਰਮਜੀਤ ਕੌਰ ਸਰਹਿੰਦ ਅਤੇ ਉਨ੍ਹਾਂ ਦੇ ਪਤੀ ਊਧਮ ਸਿੰਘ ਨੂੰ ਸ਼੍ਰੋਮਣੀ ਸਨਮਾਨ ਨਾਲ ਸਨਮਾਨਿਆ ਗਿਆ।