ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਅਕਤੂਬਰ
ਅਦਬੀ ਲੋਕ ਜਲੰਧਰ ਵਲੋਂ ਪਰਵਾਸੀ ਲੇਖਕ ਬਖਸ਼ਿੰਦਰ ਦਾ ਪਲੇਠਾ ਨਾਵਲ ‘ਵਿਗੜੀ ਹੋਈ ਕੁੜੀ’ ਇਥੇ ਪੰਜਾਬ ਪ੍ਰੈੱਸ ਵਿਚ ਲੋਕ ਅਰਪਣ ਕੀਤਾ ਗਿਆ। ਸਮਾਗਮ ਕੁਲਦੀਪ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਇਆ ਜਿਸ ’ਚ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਰਾਮ ਮੂਰਤੀ, ਸੁਰਿੰਦਰ ਸੁੰਨੜ, ਜੋਗਿੰਦਰ ਸਿੰਘ ਸੰਧੂ ਤੋਂ ਇਲਾਵਾ ਹੋਰ ਕਈ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਡਾ. ਰਾਮ ਮੂਰਤੀ ਨੇ ਇਸ ਨਾਵਲ ਨੂੰ ਵਿਲੱਖਣ ਵਿਧਾ ਦੀ ਰਚਨਾ ਕਿਹਾ। ਸਤਨਾਮ ਸਿੰਘ ਮਾਣਕ ਨੇ ਬਖਸ਼ਿੰਦਰ ਨੂੰ ਪਲੇਠਾ ਨਾਵਲ ‘ਵਿਗੜੀ ਹੋਈ ਕੁੜੀ’ ਦੇ ਰਿਲੀਜ਼ ਹੋਣ ’ਤੇ ਵਧਾਈ ਦਿੱਤੀ ਤੇ ਉਸ ਦੀ ਲਿਖਣ ਸ਼ੈਲੀ ਤੇ ਵਾਰਤਕ ਸੂਝ-ਬੂਝ ਦੀ ਤਾਰੀਫ਼ ਕੀਤੀ। ਡਾ. ਲਖਵਿੰਦਰ ਸਿੰਘ ਜੌਹਲ ਨੇ ਨਾਵਲ, ਕਹਾਣੀ, ਲੇਖ, ਕਵਿਤਾ ਤੇ ਗ਼ਜ਼ਲਾਂ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੰਦਿਆਂ ਬਖਸ਼ਿੰਦਰ ਦੇ ਜੀਵਨ ਤੇ ਕਾਰਜਸ਼ੈਲੀ ਦੀ ਚਰਚਾ ਕਰਦਿਆਂ ਨਾਵਲ ‘ਵਿਗੜੀ ਹੋਈ ਕੁੜੀ’ ਬਾਰੇ ਚਾਨਣਾ ਪਾਇਆ।