ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 21 ਨਵੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 10 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਵਰਚੂਅਲ ਤੌਰ ’ਤੇ ਲੋਕ ਅਰਪਣ ਕੀਤਾ। ਵਰਨਣਯੋਗ ਹੈ ਕਿ ਸੂਬੇ ਭਰ ਵਿੱਚ ਅਜਿਹੇ 107 ਕੇਂਦਰਾਂ ਨੂੰ ਅੱਜ ਲੋਕ ਅਰਪਿਤ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਿਹਤ ਵਿਭਾਗ ਦੇ ਡਾਕਟਰਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਤੇ ਹਰੇਕ ਵਰਗ ਦੇ ਲੋਕਾਂ ਵੱਲੋਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਗਿਆ ਉਹ ਸ਼ਲਾਘਾਯੋਗ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜੇਕਰ ਭਵਿੱਖ ਵਿੱਚ ਅਜਿਹੀ ਕਿਸੇ ਬਿਮਾਰੀ ਨਾਲ ਲੜਨਾ ਪਿਆ ਤਾਂ ਇਹ ਸਹਿਯੋਗ ਇਸੇ ਤਰ੍ਹਾਂ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅੰਦਰ ਕਰੋਨਾਵਾਇਰਸ ਦਾ ਦੂਸਰਾ ਹਮਲਾ ਹੁੰਦਾ ਹੈ ਤਾਂ ਇਸ ਨਾਲ ਨਜਿੱਠਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਵਿੱਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਿਵਲਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬਧੌਛੀ ਕਲਾਂ, ਖੁੰਮਣਾ, ਰੁੜਕੀ, ਬਡਾਲੀ ਆਲਾਸਿੰਘ, ਗਗੜਵਾਲ, ਕੋਟਲਾ ਬਜਵਾੜਾ, ਪਮੌਰ, ਪਵਾਲਾ, ਰੰਧਾਵਾ ਤੇ ਰਿਆ ਵਿਚ ਇਹ ਕੇਂਦਰ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਲੋਕ ਅਰਪਣ ਕੀਤੇ ਗਏ ਹਨ।
ਐਸਏਐਸ ਨਗਰ (ਪੱਤਰ ਪ੍ਰੇਰਕ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੂਅਲ ਉਦਘਾਟਨ ਕੀਤੇ ਜਾਣ ਤੋਂ ਬਾਅਦ ਜ਼ਿਲ੍ਹਾ ਮੁਹਾਲੀ ਨੂੰ 8 ਤੰਦਰੁਸਤ ਪੰਜਾਬ ਸਿਹਤ ਕੇਂਦਰ ਪ੍ਰਾਪਤ ਹੋਏ ਹਨ। ਇਹ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਵੀਡੀਓ ਕਾਨਫਰੰਸ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਮਰੀਜ਼ਾਂ ਨੂੰ ਉਨ੍ਹਾਂ ਦੇ ਦਰਵਾਜ਼ੇ ’ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਸੂਬੇ ਦੇ ਸਾਰੇ ਸਿਹਤ ਉਪ ਕੇਂਦਰਾਂ ਨੂੰ ਪੜਾਅ ਵਾਰ ਢੰਗ ਨਾਲ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਜੋਂ ਤਬਦੀਲ ਕਰ ਰਹੀ ਹੈ। ਇਸ ਤਹਿਤ ਘੜੂੰਆਂ ਵਿੱਚ 3 ਅਤੇ ਡੇਰਾਬਾਸੀ ਵਿੱਚ 5 ਸਿਹਤ ਅਤੇ ਤੰਦਰੁਸਤੀ ਕੇਂਦਰ, ਜਿਨ੍ਹਾਂ ਵਿੱਚ ਪਿੰਡ ਸਨੇਟਾ, ਕੁਰੜੀ, ਗੜਾਂਗਾ, ਈਸਾਪੁਰ, ਧਰਮਗੜ੍ਹ, ਜਵਾਹਰਪੁਰ, ਕਰਾਲਾ ਅਤੇ ਭਾਂਖਰਪੁਰ ਵਿੱਚ 1-1 ਕੇਂਦਰ ਸ਼ਾਮਲ ਹਨ, ਦੀ ਅਪਗ੍ਰੇਡੇਸ਼ਨ ਅਤੇ ਮੁਰੰਮਤ ਕੀਤੀ ਜਾ ਚੁੱਕੀ ਹੈ।