ਆਤਿਸ਼ ਗੁਪਤਾ
ਚੰਡੀਗੜ੍ਹ, 7 ਨਵੰਬਰ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ’ਚ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ, ਕਾਰਪੋਰੇਟ ਘਰਾਣਿਆਂ, ਪੈਟਰੋਲ ਪੰਪਾਂ, ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਸਣੇ 125 ਥਾਵਾਂ ’ਤੇ ਰੋਸ ਪ੍ਰਦਰਸ਼ਨ ਜਾਰੀ ਰਹੇ। ਸੰਘਰਸ਼ੀ ਅਖਾੜਿਆਂ ਤੋਂ ਵੱਡੀ ਗਿਣਤੀ ’ਚ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਅੰਦੋਲਨਾਂ ’ਚ ਟੀਕਰੀ ਬਾਰਡਰ ’ਤੇ ਸੜਕ ਹਾਦਸੇ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਖੇਤੀ ਕਾਨੂੰਨਾਂ ਰਾਹੀਂ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਕਰੋਨਾ ਮਹਾਮਾਰੀ ਦੇ ਬਾਵਜੂਦ ਤੇਲ ਦੀਆਂ ਕੀਮਤਾਂ ’ਚ ਲੋੜ ਨਾਲੋਂ ਵੱਧ ਵਾਧਾ ਕੀਤਾ। ਜਦੋਂ ਹੁਣ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ ਤਾਂ ਤੇਲ ਕੀਮਤਾਂ ’ਚ ਨਿਗੂਣੀ ਕਟੌਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਤੇਲ ਕੀਮਤਾਂ ’ਚ 20 ਤੋਂ 25 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ, ਜਿਸ ਵਿੱਚ 13 ਤੋਂ 16 ਰੁਪਏ ਪ੍ਰਤੀ ਲਿਟਰ ਆਬਕਾਰੀ ਡਿਊਟੀ ਵਧਾਈ ਗਈ। ਉਸ ਨੂੰ ਕੇਂਦਰ ਸਰਕਾਰ ਨੇ ਵਾਪਸ ਨਹੀਂ ਲਿਆ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ’ਚ ਨਿੱਤ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਕੁਝ ਦਿਨਾਂ ’ਚ ਕਟੌਤੀ ਖਤਮ ਹੋ ਜਾਵੇਗੀ।
ਆਗੂਆਂ ਨੇ ਮੰਗ ਕੀਤੀ ਕਿ ਅੱਜ ਦੇਸ਼ ’ਚ ਡੀਜ਼ਲ ਦੀ ਜ਼ਿਆਦਾਤਰ ਵਰਤੋਂ ਖੇਤੀ ਅਤੇ ਟਰਾਂਸਪੋਰਟ ਖੇਤਰ ’ਚ ਕੀਤੀ ਜਾਂਦੀ ਹੈ। ਜੇਕਰ ਸਰਕਾਰ ਇਸ ਤੋਂ ਟੈਕਸ ਘਟਾਉਂਦੀ ਹੈ ਤਾਂ ਹਰ ਖੇਤਰ ਨੂੰ ਰਾਹਤ ਮਿਲ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਡੀਜ਼ਲ ’ਤੇ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਆਬਕਾਰੀ ਡਿਊਟੀ ’ਚ ਅਤੇ ਸੂਬਾ ਸਰਕਾਰ ਵੀ ਵੈਟ ’ਚ ਵੱਡੀ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇਣ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲ ਦੀ ਕੀਮਤ ਤੋਂ 10 ਰੁਪਏ ਪ੍ਰਤੀ ਲਿਟਰ ਕਟੌਤੀ ਕੀਤੀ ਹੈ ਪਰ ਪੰਜਾਬ ਖੇਤੀਬਾੜੀ ਕਰਨ ਵਾਲਾ ਸੂਬਾ ਹੈ, ਜਿੱਥੇ ਡੀਜ਼ਲ ਦੀ ਕੀਮਤ ’ਚ ਵੀ ਭਾਰੀ ਕਟੌਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡੀਜ਼ਲ ਦੀ ਕੀਮਤ ਘਟਾਉਣ ਦੀ ਵਿਉਂਤਬੰਦੀ ਕਰੇ।
ਅੰਦੋਲਨਾਂ ’ਚ ਕਿਸਾਨ ਨੇਤਾਵਾਂ ਨੇ ਭਾਜਪਾ ਨੇਤਾ ਅਰਵਿੰਦ ਸ਼ਰਮਾ ਦੇ ਬਿਆਨ ਦਾ ਗੰਭੀਰ ਨੋਟਿਸ ਲਿਆ, ਜਿਸ ’ਚ ਭਾਜਪਾ ਨੇਤਾਵਾਂ ਦਾ ਘਿਰਾਓ ਵਾਲਿਆਂ ਦੀਆਂ ਅੱਖਾਂ ਕੱਢ ਦੇਣ ਅਤੇ ਹੱਥ ਵੱਢ ਦੇਣ ਦੀ ਧਮਕੀ ਦਿੱਤੀ ਸੀ। ਇਹ ਬਿਆਨ ਇਕ ਦਿਨ ਪਹਿਲਾਂ ਕਿਸਾਨਾਂ ਵੱਲੋਂ ਭਾਜਪਾ ਨੇਤਾ ਨੂੰ ਇਕ ਮੰਦਰ ’ਚ ਬੰਦੀ ਬਣਾਏ ਜਾਣ ਦੇ ਸੰਦਰਭ ’ਚ ਦਿੱਤਾ ਗਿਆ। ਆਗੂਆਂ ਨੇ ਭਾਜਪਾ ਆਗੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਭਾਜਪਾਈਆਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਭਵਿੱਖ ’ਚ ਵੀ ਭਾਜਪਾ ਨੇਤਾਵਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਇਸੇ ਦੌਰਾਨ ਪੰਜਾਬ ਤੋਂ ਕਿਸਾਨਾਂ ਦੇ ਦਰਜਨਾਂ ਜਥਿਆਂ ਨੇ ਦਿੱਲੀ ਅੰਦੋਲਨ ਦੀ ਮਜ਼ਬੂਤੀ ਲਈ ਵਹੀਰਾਂ ਘੱਤੀਆਂ।