ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 26 ਫਰਵਰੀ
ਗੁਰੂ ਹਰਿਰਾਏ ਸਾਹਿਬ ਤੇ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਮਹਿਮਦਪੁਰਾ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਖੇਤਰ ਦੀਆਂ ਸਮੂਹ ਗੁਰਦੁਆਰਾ ਸੇਵਾ ਸੁਸਾਇਟੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਦਾ ਆਰੰਭ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਇਆ।
ਅਮਲੋਹ (ਪੱਤਰ ਪ੍ਰੇਰਕ): ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਅਮਲੋਹ ਵਿਚ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ, ਜੋ ਗੁਰੂ ਰਵਿਦਾਸ ਦੇ ਗੁਰਦੁਆਰੇ ਤੋਂ ਸ਼ੁਰੂ ਹੋਇਆ।
ਬਨੂੜ (ਪੱਤਰ ਪ੍ਰੇਰਕ): ਪਿੰਡ ਛੜਬੜ੍ਹ ਦੇ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਡਾ. ਬਿਕਰਮ ਸਿੰਘ, ਡਾ. ਗੁਰਵਿੰਦਰ ਸਿੰਘ, ਰਘਬੀਰ ਸਿੰਘ ਨੇ 62 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਤੇ ਸ਼ੂਗਰ ਅਤੇ ਹੋਰ ਟੈਸਟ ਮੁਫ਼ਤ ਕਰਕੇ ਦਵਾਈਆਂ ਦਿੱਤੀਆਂ।
ਰੂਪਨਗਰ (ਪੱਤਰ ਪ੍ਰੇਰਕ): ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਪਿੰਡ ਕੋਟਲਾ ਨਿਹੰਗ ਵਿੱਚ ਗੁਰਦੁਆਰਾ ਗੁਰੂ ਰਵਿਦਾਸ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਰੂਪਨਗਰ ਦੀ ਬਲੱਡ ਬੈਂਕ ਦੀ ਟੀਮ ਨੇ 30 ਯੂਨਿਟ ਖੂਨ ਇਕੱਠਾ ਕੀਤਾ।
ਘਨੌਲੀ (ਪੱਤਰ ਪ੍ਰੇਕਰ): ਗੁਰਦੁਆਰਾ ਪ੍ਰਬੰਧਕ ਕਮੇਟੀ ਬੇਗਮਪੁਰਾ ਘਨੌਲੀ ਨੇ ਭਗਤ ਰਵਿਦਾਸ ਦੇ ਪ੍ਰਕਾਸ਼ ਦਿਵਸ ਸਬੰਧੀ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਪ੍ਰਜਾਪਤ ਮਹੱਲਾ ਘਨੌਲੀ, ਮੇਨ ਬਾਜ਼ਾਰ, ਗੁਰਦੁਆਰਾ ਮਾਰਕੀਟ ਘਨੌਲੀ, ਗੋਲੀਆ ਮਹੱਲਾ ਤੇ ਪਿੰਡ ਥਲੀ ਖੁਰਦ ਤੋਂ ਹੁੰਦਾ ਹੋਇਆ ਵਾਪਸ ਪਿੰਡ ਬੇਗਮਪੁਰਾ ਪੁੱਜ ਕੇ ਸਮਾਪਤ ਹੋਇਆ।
ਐਸਏਐਸ ਨਗਰ (ਪੱਤਰ ਪ੍ਰੇਰਕ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਗੁਰਦੁਆਰਾ ਡੇਰਾ ਸਾਹਿਬ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੁਰੂ ਹੋਇਆ।
‘ਭਗਤ ਰਵਿਦਾਸ ਜੀ ਦੀ ਬਾਣੀ ਦਾ ਅਧਿਆਤਮਕ ਪੱਖ’ ਵਿਸ਼ੇ ’ਤੇ ਲੈਕਚਰ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਭਗਤ ਰਵਿਦਾਸ ਜੀ ਦੀ ਬਾਣੀ ਦਾ ਅਧਿਆਤਮਕ ਪੱਖ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਮੁੱਖ ਬੁਲਾਰੇ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਭਗਤ ਰਵਿਦਾਸ ਨੇ ਸੱਚੀ-ਸੁੱਚੀ ਕਿਰਤ ਕਰਦਿਆਂ ਪ੍ਰਮਾਤਮਾ ਦੀ ਬੰਦਗੀ ਕਰਕੇ ਸਮਾਜ ਵਿਚ ਅਹਿਮ ਰੁਤਬਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਜ ਦੀ ਸਿਰਜਣਾ ਬੇਗਮਪੁਰਾ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਬੇਗਮਪੁਰਾ ਭਾਵ ਜਿੱਥੇ ਕਿਸੇ ਪ੍ਰਕਾਰ ਦਾ ਦੁੱਖ, ਗਮ ਅਤੇ ਚਿੰਤਾ ਨਹੀਂ ਹੈ।