ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਅਕਤੂਬਰ
ਅੰਮ੍ਰਿਤਸਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਤਰਨ ’ਤੇ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪਾਵਨ ਸਰੂਪ ਵਾਲੀ ਪਾਲਕੀ ਨੂੰ ਪੁਲੀਸ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ। ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਇਹ ਨਗਰ ਕੀਰਤਨ ਅਕਾਲ ਤਖ਼ਤ ਤੋਂ ਅਰਦਾਸ ਉਪਰੰਤ ਆਰੰਭ ਹੋਇਆ। ਫੁੱਲਾਂ ਦੀ ਵਰਖਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ। ਇਹ ਨਗਰ ਕੀਰਤਨ ਪੁਰਾਤਨ ਤੇ ਰਵਾਇਤੀ ਰਸਤੇ ਦੀ ਥਾਂ ਸ਼ਹਿਰ ਦੀ ਪੁਰਾਤਨ ਚਾਰਦੀਵਾਰੀ ਦੇ ਨਾਲ ਬਣੇ ਦਰਵਾਜ਼ਿਆਂ ਨੂੰ ਜੋੜਦੇ ਮਾਰਗ ’ਤੇ ਸਜਾਇਆ ਗਿਆ, ਜਿੱਥੇ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ। ਨਗਰ ਕੀਰਤਨ ਸਮੇਂ ਸੰਗਤਾਂ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਾਮਲ ਹੋਈਆਂ। ਰਸਤੇ ਵਿਚ ਸਭਾ-ਸੁਸਾਇਟੀਆਂ ਅਤੇ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਭੇਟ ਕੀਤੇ। ਇਸ ਦੌਰਾਨ ਸਰਕਾਰ ਨੇ ਭਲਕੇ 22 ਅਕਤੂਬਰ ਨੂੰ ਪ੍ਰਕਾਸ਼ ਪੁਰਬ ਦੇ ਸਬੰਧ ’ਚ ਅੰਮ੍ਰਿਤਸਰ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ ਕੀਤਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ
ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੂਰੀ ਦੁਨੀਆਂ ’ਚ ਵਸਦੀ ਸਿੱਖ ਸੰਗਤ ਨੂੰ ਇਸ ਪੁਰਬ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਜੀਵਨ ਮਨੁੱਖਤਾ ਨੂੰ ਹਰ ਪੱਖ ਤੋਂ ਅਗਵਾਈ ਦੇਣ ਵਾਲਾ ਹੈ ਅਤੇ ਉਨ੍ਹਾਂ ਦੀ ਸਿੱਖ ਧਰਮ ਨੂੰ ਦੇਣ ਵੀ ਲਾਸਾਨੀ ਹੈ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦਾ ਭਾਵ ਪੈਦਾ ਕਰਨ ਦਾ ਸੱਦਾ ਦਿੱਤਾ।
ਹਰਿਮੰਦਰ ਸਾਹਿਬ ਦੀ ਸਜਾਵਟ ਲਈ ਦੇਸ਼ ਵਿਦੇਸ਼ ਤੋਂ ਮੰਗਵਾਏ ਫੁੱਲ
ਅੰਮ੍ਰਿਤਸਰ (ਟਨਸ): ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਹਰਿਮੰਦਰ ਸਾਹਿਬ ਦੀ ਸਜਾਵਟ ਲਈ ਮਲੇਸ਼ੀਆ, ਥਾਈਲੈਂਡ, ਸਿੰਘਾਪੁਰ ਆਦਿ ਮੁਲਕਾਂ ਤੋਂ ਇਲਾਵਾ ਭਾਰਤ ਵਿਚੋਂ ਕੋਲਕਾਤਾ, ਬੰਗਲੂਰੂ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਸ਼ਹਿਰਾਂ ਤੋਂ ਫੁੱਲ ਮੰਗਵਾਏ ਗਏ ਹਨ। ਫੁੱਲਾਂ ਦੀ ਸਜਾਵਟ ਕਰਾਉਣ ਲਈ ਹਰ ਵਰ੍ਹੇ ਸੇਵਾ ਕਰਦੇ ਇਕਬਾਲ ਸਿੰਘ ਵਾਸੀ ਮੁੰਬਈ ਨੇ ਦੱਸਿਆ ਕਿ ਲਗਪਗ 25 ਕਿਸਮਾਂ ਦੇ ਫੁੱਲ ਸਜਾਵਟ ਲਈ ਫਰੀਜ਼ਰ ਵਾਲੇ ਵਿਸ਼ੇਸ਼ ਟਰੱਕਾਂ ਰਾਹੀਂ ਲਿਆਂਦੇ ਗਏ ਹਨ। ਉਨ੍ਹਾਂ ਦੱਸਿਆ ਕਿ ਸਜਾਵਟ ਲਈ ਮੁੰਬਈ ਅਤੇ ਦਿੱਲੀ ਤੋਂ ਕਾਰੀਗਰ ਵੀ ਸੱਦੇ ਗਏ ਹਨੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਸੁੰਦਰ ਦੀਪਮਾਲਾ ਵੀ ਕੀਤੀ ਗਈ ਹੈ। ਅੱਜ ਚੀਫ ਖਾਲਸਾ ਦੀਵਾਨ ਵੱਲੋਂ ਅਕਾਲ ਤਖ਼ਤ ਤੋਂ ਸਜਾਏ ਨਗਰ ਕੀਰਤਨ ਦਾ ਗੇਟ ਭਗਤਾਂਵਾਲਾ ਪੁੱਜਣ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਤੇ ਹੋਰ ਸ਼ਾਮਲ ਸਨ।