ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਪਰੈਲ
ਪੰਜਾਬ ਵਿੱਚ ਇਸ ਵਾਰ ਕਣਕ ਦਾ ਝਾੜ ਘਟਣ ਕਾਰਨ ਸਰਕਾਰੀ ਖਰੀਦ ਦਾ ਅੰਕੜਾ 100 ਲੱਖ ਮੀਟ੍ਰਿਕ ਟਨ ਤੱਕ ਨਹੀਂ ਪਹੁੰਚ ਸਕਿਆ। ਪੰਜਾਬ ਸਰਕਾਰ ਵੱਲੋਂ ਇਸ ਵਾਰ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਸੀ। ਖੇਤੀ ਵਿਭਾਗ ਆਖ ਰਿਹਾ ਹੈ ਕਿ 11 ਫੀਸਦ ਕਣਕ ਦਾ ਝਾੜ ਘਟਿਆ ਹੈ ਜਦੋਂ ਕਿ ਕਿਸਾਨ ਆਖਦੇ ਹਨ ਕਿ ਝਾੜ 20 ਤੋਂ 25 ਫੀਸਦ ਘਟਿਆ ਹੈ। ਪੰਜਾਬ ਵਿੱਚ ਹੁਣ ਤੱਕ 95.62 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।
ਅੱਜ ਵੀ ਖਰੀਦ ਕੇਂਦਰਾਂ ਵਿੱਚ ਸਿਰਫ 1.02 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਭਾਰਤੀ ਖੁਰਾਕ ਨਿਗਮ ਨੇ ਆਪਣੇ ਨਿਰਧਾਰਿਤ ਟੀਚੇ ਦੀ ਥਾਂ ਪੰਜਾਬ ’ਚੋਂ 5.74 ਲੱਖ ਮੀਟ੍ਰਿਕ ਟਨ ਕਣਕ ਹੀ ਖਰੀਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋ ਕਣਕ ਕੇਂਦਰੀ ਮਾਪਦੰਡਾਂ ਦੇ ਘੇਰੇ ਵਿੱਚ ਆਉਂਦੀ ਸੀ, ਉਹੀ ਕਣਕ ਹੀ ਖੁਰਾਕ ਨਿਗਮ ਨੇ ਖਰੀਦੀ ਹੈ। ਪ੍ਰਾਈਵੇਟ ਕੰਪਨੀਆਂ ਅਤੇ ਵਪਾਰੀਆਂ ਨੇ ਵੀ ਪੰਜਾਬ ’ਚੋਂ 5.74 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਬੇਸ਼ੱਕ ਪ੍ਰਾਈਵੇਟ ਖਰੀਦ ਪਹਿਲੀ ਵਾਰ ਏਨੀ ਵਧੀ ਹੈ, ਪਰ ਦੂਸਰੇ ਸੂਬਿਆਂ ਵਿੱਚ ਪ੍ਰਾਈਵੇਟ ਖਰੀਦ ਇਸ ਨਾਲੋਂ ਕਾਫੀ ਜ਼ਿਆਦਾ ਰਹੀ ਹੈ।
ਬੰਦਰਗਾਹ ਨੇੜੇ ਹੋਣ ਕਰਕੇ ਮੱਧ ਪ੍ਰਦੇਸ਼ ’ਚੋਂ ਵੀ ਪ੍ਰਾਈਵੇਟ ਕੰਪਨੀਆਂ ਨੇ ਕਾਫੀ ਕਣਕ ਦੀ ਖਰੀਦ ਕੀਤੀ ਹੈ। ਪੰਜਾਬ ਵਿੱਚ ਖਰੀਦ ਲਈ ਛੇ ਫੀਸਦ ਟੈਕਸ ਪੈਂਦਾ ਹੈ, ਜਿਸ ਕਰਕੇ ਵਪਾਰੀ ਦੂਸਰੇ ਸੂਬਿਆਂ ਨੂੰ ਪਹਿਲ ਦਿੰੰਦੇ ਹਨ। ਯੂਪੀ ਅਤੇ ਰਾਜਸਥਾਨ ਵਿੱਚ ਟੈਕਸ ਢਾਈ ਫੀਸਦ ਹੈ, ਜਦਕਿ ਮੱਧ ਪ੍ਰਦੇਸ਼ ਵਿੱਚ ਤਿੰਨ ਫੀਸਦ ਟੈਕਸ ਤੋਂ ਇਲਾਵਾ ਸੈਸ ਅਤੇ ਕਮਿਸ਼ਨ ਵੀ ਹੈ। ਪੰਜਾਬ ਰੋਲਰ ਫਲੋਰ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਆਖਦੇ ਹਨ ਕਿ ਉੱਤਰ ਪ੍ਰਦੇਸ਼ ਵਿੱਚ ਕਣਕ ਦਾ ਭਾਅ ਜ਼ਿਆਦਾ ਹੋਣ ਕਰਕੇ ਉਨ੍ਹਾਂ ਵੱਲੋਂ ਸਥਾਨਕ ਖਰੀਦ ਨੂੰ ਹੀ ਤਰਜੀਹ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਦਰਾਮਦਕਾਰਾਂ ਵੱਲੋਂ ਵੀ ਪ੍ਰਾਈਵੇਟ ਖਰੀਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਆਟਾ ਕੰਪਨੀਆਂ ਨੇ ਪੰਜਾਬ ’ਚੋਂ ਕਾਫੀ ਕਣਕ ਦੀ ਖਰੀਦ ਕੀਤੀ ਹੈ। ਪਿੰਡਾਂ ਵਿੱਚ ਬਹੁਤੇ ਸਰਦੇ ਪੁੱਜਦੇ ਘਰਾਂ ਨੇ ਕਣਕ ਦਾ ਭੰਡਾਰ ਵੀ ਕੀਤਾ ਹੈ। ਉਨ੍ਹਾਂ ਨੂੰ ਕਣਕ ਦੇ ਭਾਅ ਹੋਰ ਉੱਚੇ ਹੋਣ ਦੀ ਉਮੀਦ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕਣਕ ਦੀ ਮੰਗ ਵੱਧ ਗਈ ਹੈ। ਰੂਸ-ਯੂਕਰੇਨ ਜੰਗ ਕਰਕੇ ਕਣਕ ਦੀ ਮੰਗ ਵਧੀ ਹੈ।
ਸਰਕਾਰ ਕਣਕ ਦੇ ਘਟੇ ਝਾੜ ਲਈ ਮੁਆਵਜ਼ਾ ਦੇਵੇ: ਬੁਰਜਗਿੱਲ
ਬਰਨਾਲਾ (ਖੇਤਰੀ ਪ੍ਰਤੀਨਿਧ): ਬੀਕੇਯੂ (ਏਕਤਾ) ਡਕੌਂਦਾ ਦੀ ਇੱਥੇ ਤਰਕਸ਼ੀਲ ਭਵਨ ਵਿੱਚ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਮੁੱਚੇ ਪੰਜਾਬ ਵਿੱਚੋਂ 16 ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਕੱਤਰਾਂ ਨੇ ਭਾਗ ਲਿਆ। ਸੂਬਾਈ ਆਗੂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ ਅਤੇ ਗੁਰਮੀਤ ਭੱਟੀਵਾਲ ਨੇ ਦੱਸਿਆ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ‘ਫ਼ਸਲਾਂ ਪੈਦਾ ਕਰਨ ਵਾਲੇ-ਖਾਣ ਵਾਲੇ ਨਹੀਂ’ ਗਰਦਾਨੇ ਜਾਣ ਦਾ ਕਰਾਰਾ ਜਵਾਬ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਕਣਕ ਦੇ ਘਟੇ ਝਾੜ ਨੂੰ ਕੁਦਰਤੀ ਆਫ਼ਤ ਮੰਨ ਕੇ 10 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਗਈ। ਉਨ੍ਹਾਂ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ 30 ਅਪਰੈਲ ਨੂੰ ਹੋਣ ਵਾਲੀ 16 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਉਪਰੰਤ ਪੰਜਾਬ ਸਰਕਾਰ ਨਾਲ ਸਬੰਧਤ ਸੂਬਾ ਪੱਧਰੀਆਂ ਮੰਗਾਂ ਲਈ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ। ਆਗੂਆਂ ਕਿਹਾ ਕਿ ਜਥੇਬੰਦੀ ਵੱਲੋਂ ਬਿਜਲੀ ਸਪਲਾਈ ਦੀ ਮਾੜੀ ਹਾਲਤ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ। ਇਸ ਸਬੰਧੀ ਦੋ ਮਈ ਨੂੰ ਸੂਬੇ ਦੇ ਐਕਸੀਅਨ ਦਫ਼ਤਰਾਂ ਦਾ 11 ਤੋਂ 2 ਵਜੇ ਤੱਕ ਘਿਰਾਓ ਕੀਤਾ ਜਾਵੇਗਾ। ਮੀਟਿੰਗ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਇਕਜੁੱਟ ਰੱਖਣ ਲਈ ਵਚਨਬੱਧਤਾ ਵੀ ਦੁਹਰਾਈ। ਸੰਯੁਕਤ ਕਿਸਾਨ ਮੋਰਚੇ ਨਾਲ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਬਲਵੰਤ ਸਿੰਘ ਉੱਪਲੀ, ਰਾਮ ਸਿੰਘ ਮਟੋਰੜਾ ਆਦਿ ਨੇ ਦੱਸਿਆ ਕਿ ਮਈ ਮਹੀਨੇ ਵਿੱਚ ਰਹਿੰਦੇ ਤੇ ਨਵੇਂ ਬਲਾਕਾਂ ਦੀਆਂ ਜਥੇਬੰਦਕ ਚੋਣਾਂ ਕਰਵਾਈਆਂ ਜਾਣਗੀਆਂ। ਮੀਟਿੰਗ ਦੌਰਾਨ ਮਰਹੂਮ ਹਰਦੀਪ ਸਿੰਘ ਗਾਲਬਿ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬਲਦੇਵ ਸਿੰਘ ਭਾਈਰੂਪਾ, ਮਹਿੰਦਰ ਸਿੰਘ ਕਮਾਲਪੁਰਾ, ਪਰਮਿੰਦਰ ਸਿੰਘ ਮੁਕਤਸਰ, ਹਰਨੇਕ ਸਿੰਘ ਮਹਿਮਾ, ਮਹਿੰਦਰ ਸਿੰਘ ਭੈਣੀਬਾਘਾ, ਬੂਟਾ ਖਾਨ ਆਦਿ ਆਗੂ ਵੀ ਹਾਜ਼ਰ ਸਨ।