ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜੂਨ
ਯੂਨਾਈਟਿਡ ਅਕਾਲੀ ਦਲ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਇੱਥੇ ਪੱਗ ਅਤੇ ਪੰਜਾਬ ਸੰਭਾਲ ਕਨਵੈਨਸ਼ਨ ਕਰਵਾਈ, ਜਿਸ ਵਿੱਚ ਧਰਮ ਯੁੱਗ ਮੋਰਚੇ ਨੂੰ ਸੁਰਜੀਤ ਕਰਨ ਦਾ ਫੈ਼ਸਲਾ ਕੀਤਾ ਗਿਆ। ਇਸ ਸਬੰਧ ਵਿੱਚ 18 ਤੇ 19 ਜੂਨ ਨੂੰ ਫਤਹਿਗੜ੍ਹ ਸਾਹਿਬ ਵਿੱਚ ਦੋ ਰੋਜ਼ਾ ਕੈਂਪ ਲਾਉਣ ਦਾ ਵੀ ਫੈ਼ਸਲਾ ਲਿਆ ਗਿਆ ਹੈ, ਜਿਸ ਵਿੱਚ ਮੋਰਚੇ ਦੀ ਰੂਪ-ਰੇਖਾ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਇੱਥੇ ਸਿਟੀ ਸੈਂਟਰ ਸਥਿਤ ਗੁਰੂ ਨਾਨਕ ਭਵਨ ਵਿੱਚ ਕਰਵਾਈ ਇਸ ਕਨਵੈਨਸ਼ਨ ਵਿੱਚ ਯੂਨਾਈਟਿਡ ਅਕਾਲੀ ਦਲ ਨਾਲ ਲੋਕ ਅਧਿਕਾਰ ਲਹਿਰ, ਭਾਰਤੀ ਵਪਾਰ ਅਤੇ ਉਦਯੋਗ ਮਹਾਂ ਸੰਘ, ਕਿਰਤੀ ਅਕਾਲੀ ਦਲ ਅਤੇ ਸੁਤੰਤਰ ਅਕਾਲੀ ਦਲ ਨਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਸਮਾਗਮ ਦੌਰਾਨ ਜੂਨ 1984 ਤੇ 1978 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਮੂਲ ਮੰਤਰ ਦੇ ਪਾਠ ਕੀਤੇ ਗਏ। ਇਸ ਸਬੰਧੀ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਧਰਮ ਯੁੱਧ ਮੋਰਚਾ ਨੂੰ ਸੁਰਜੀਤ ਕੀਤਾ ਜਾਵੇਗਾ।