ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਮਈ
ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਲਈ ਅੱਜ ਸ਼੍ਰੋੋਮਣੀ ਕਮੇਟੀ ਨੇ ਸਬ-ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਨੇ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿੱਚ ਨੌਵੇਂ ਗੁਰੂ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਸ ਸਬੰਧੀ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਦੌਰਾਨ ਉੱਚ ਤਾਕਤੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੀ ਵਿਸਥਾਰਤ ਰਿਪੋਰਟ ਅਨੁਸਾਰ ਅਗਲਾ ਕੰਮ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਵਿਸ਼ਵ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਨਾਂ ਵੀ ਗੁਰੂ ਸਾਹਿਬ ਦੇ ਨਿਕਟਵਰਤੀ ਸਿੱਖਾਂ ਦੇ ਨਾਂ ’ਤੇ ਰੱਖੇ ਜਾਣਗੇ। ਇਸ ਤੋਂ ਇਲਾਵਾ ਸਿੱਖ ਸੰਸਥਾ ਵੱਲੋ ਸਿੱਖ ਧਰਮ ਦੇ ਪ੍ਰਚਾਰ ਲਈ ਗੁਰਮਤਿ ਸਬੰਧੀ ਵੱਖ-ਵੱਖ ਐਡਵਾਂਸਡ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਮੇਟੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਨੁਮਾਇੰਦੇ, ਧਰਮ ਪ੍ਰਚਾਰ ਕਮੇਟੀ ਦਾ ਇੱਕ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਸ਼ਾਮਲ ਹੋਣਗੇ।
ਮੌਜੂਦਾ ਸਮੇਂ ਸਿੱਖ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਨਵੇਂ ਦ੍ਰਿਸ਼ਟੀਕੋਣਾਂ, ਨਵੀਆਂ ਵਿਧੀਆਂ ਤੇ ਤਕਨੀਕਾਂ ਨਾਲ ਕਰਨ ਲਈ ਅਜਿਹੇ ਗੁਰਮਤਿ ਕੋਰਸ ਬੇਹੱਦ ਜ਼ਰੂਰੀ ਹਨ, ਜੋ ਸਿੱਖ ਨੌਜਵਾਨੀ ਨੂੰ ਵੱਖ-ਵੱਖ ਖੇਤਰਾਂ ਲਈ ਤਿਆਰ ਕਰਨ। ਅੱਜ ਹਰ ਖੇਤਰ ਵਿਚ ਕੰਮ ਕਰਨ ਵਾਲੇ ਸਿੱਖ ਗੁਰਮਤਿ ਤੋਂ ਵਾਕਫ਼ ਹੋਣੇ ਜ਼ਰੂਰੀ ਹਨ। ਇਸ ਮੌਕੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ ਤੇ ਤੇਜਿੰਦਰ ਸਿੰਘ ਪੱਡਾ ਮੌਜੂਦ ਸਨ।
ਜਲਦੀ ਖੋਲ੍ਹਿਆ ਜਾਵੇਗਾ ਗੁਰੂ ਗ੍ਰੰਥ ਸਾਹਿਬ ਭਵਨ
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਜਲਦੀ ਨਵੇਂ ਰੂਪ ਵਿਚ ਸੰਗਤ ਸਾਹਮਣੇ ਲਿਆਉਣ ਲਈ ਯਤਨ ਤੇਜ਼ ਕੀਤੇ ਗਏ ਹਨ। ਇਥੇ ਤਿਆਰ ਕੀਤੀ ਗਈ ਇਮਾਰਤ ਸੰਗਤ ਲਈ ਖੋਲ੍ਹਣ ਦੀ ਅਗਲੀ ਕਾਰਵਾਈ ਲਈ ਸਬ-ਕਮੇਟੀ ਬਣਾਈ ਜਾ ਰਹੀ ਹੈ।