ਦਵਿੰਦਰ ਪਾਲ/ਜੋਗਿੰਦਰ ਸਿੰਘ ਮਾਨ
ਚੰਡੀਗੜ੍ਹ/ਮਾਨਸਾ, 24 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕੁਝ ਕਿਸਾਨੀ ਮੰਗਾਂ ਮੰਨਣ ਦਾ ਐਲਾਨ ਕਰਨ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਨੇ ਰਾਜ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰ ਦਿੱਤਾ ਹੈ। ਕਿਸਾਨ ਜਥੇਬੰਦੀ ਉਗਰਾਹਾਂ ਨੇ ਧਰਨੇ 30 ਦਸੰਬਰ ਵਧਾ ਦਿੱਤੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰੇਲ ਪਟੜੀਆਂ ’ਤੇ ਧਰਨਿਆਂ ਦਾ ਦਾਇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ ਤੇ ਸੂਬੇ ਦੇ 7 ਰੇਲ ਮਾਰਗਾਂ ’ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕਿਸਾਨ ਜਥੇਬੰਦੀ ਉਗਰਾਹਾਂ ਦੇ ਸੂਬਾ ਪਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੰਨੀਆਂ ਮੰਗਾਂ ਇੱਕ ਹਫ਼ਤੇ ਵਿਚ ਲਾਗੂ ਕਰਨ ਦਾ ਭਰੋਸਾ ਪਰਖਣ ਅਤੇ ਹੋਰ ਰਹਿੰਦੀਆਂ ਮੰਗਾਂ ਮੰਨਣ ’ਤੇ ਜ਼ੋਰ ਪਾਉਣ ਲਈ ਜਥੇਬੰਦੀ ਵੱਲੋਂ ਜ਼ਿਲ੍ਹਾ ਪੱਧਰੀ ਧਰਨੇ 30 ਦਸੰਬਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਅੱਜ ਮਾਨਸਾ ਵਿੱਚ ਗੱਲਬਾਤ ਕਰਦਿਆਂ ਸ੍ਰੀ ਉਗਰਾਹਾਂ ਨੇ ਸੂਬਾ ਸਰਕਾਰ ਤੋਂ ਲੁਧਿਆਣੇ ਕਚਹਿਰੀ ਵਿੱਚ ਹੋਏ ਬੰਬ ਧਮਾਕੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ 30 ਦਸੰਬਰ ਤੱਕ ਧਰਨੇ ਜਾਰੀ ਰੱਖ ਕੇ ਚੰਨੀ ਸਰਕਾਰ ਦੀ ਨੀਅਤ ਪਰਖੀ ਜਾਵੇਗੀ ਕਿ ਸਰਕਾਰ ਵਾਅਦਾ ਨਿਭਾਉਂਦੀ ਹੈ ਜਾਂ ਨਹੀਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਬਨ ਸਿੰਘ ਪੰਧੇਰ ਨੇ ਦੱਸਿਆ ਕਿ ਫਾਜ਼ਿਲਕਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਰੇਲ ਮਾਰਗਾਂ ਉੱਤੇ ਲੱਗੇ ਮੋਰਚੇ ਅੱਜ 5ਵੇਂ ਦਿਨ ਸ਼ਾਮਲ ਹੋ ਗਏ ਹਨ। ਇਸੇ ਦੌਰਾਨ ਅੱਜ ਮੋਗਾ ਵਿੱਚ ਕਿਸਾਨਾਂ ਨੇ ਲੋਡ ਹੋਈ ਮਾਲ ਗੱਡੀ ਵੀ ਨਹੀਂ ਚੱਲਣ ਦਿੱਤੀ।