ਪੱਤਰ ਪ੍ਰੇਰਕ
ਬਠਿੰਡਾ, 30 ਸਤੰਬਰ
ਇੱਥੋਂ ਦੇ ਪਿੰਡ ਮਹਿਮਾ ਸਰਕਾਰੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਰੂਪ ਸਿੰਘ (46) ਪੁੱਤਰ ਕ੍ਰਿਪਾਲ ਸਿੰਘ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਨੇ ਅੱਜ ਸਵੇਰੇ ਲਗਪਗ 11 ਵਜੇ ਆਪਣੇ ਖੇਤ ਵਿਚਲੇ ਕਮਰੇ ਵਿਚ ਫਾਹਾ ਲੈ ਲਿਆ। ਕਿਸਾਨ ਦੇ ਭਰਾ ਸੁਖਰਾਜ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਰੂਪ ਸਿੰਘ ਸਿਰ ਨਿੱਜੀ ਫਰਮਾਂ ਦਾ 12-13 ਲੱਖ ਰੁਪਏ ਦਾ ਕਰਜ਼ਾ ਸੀ। ਉਸ ਦੀ ਚਾਰ ਏਕੜ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਕਿਸਾਨ ਦੇ ਪਰਿਵਾਰ ਵਿੱਚ ਪਿੱਛੇ ਇੱਕ ਧੀ ਅਤੇ ਪੁੱਤਰ ਹੈ। ਕੁਝ ਮਹੀਨੇ ਪਹਿਲਾਂ ਉਸ ਦੇ ਛੋਟੇ ਭਰਾ ਦੀ ਮੌਤ ਹੋ ਗਈ ਸੀ।