ਪੱਤਰ ਪ੍ਰੇਰਕ
ਸੰਗਤ ਮੰਡੀ, 30 ਅਪਰੈਲ
ਪਿੰਡ ਜੱਸੀ ਬਾਗਵਾਲੀ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ। ਥਾਣਾ ਸੰਗਤ ਅਧੀਨ ਆਉਂਦੀ ਪਥਰਾਲਾ ਚੌਕੀ ਦੇ ਇੰਚਾਰਜ ਮੇਜਰ ਸਿੰਘ ਬਰਾੜ ਨੇ ਦੱਸਿਆ ਕਿ ਕੁਲਵੰਤ ਸਿੰਘ (35) ਪੁੱਤਰ ਸੰਤੋਖ ਸਿੰਘ ਵਾਸੀ ਜੱਸੀ ਬਾਗਵਾਲੀ ਨੇ ਅੱਜ ਸਵੇਰੇ ਕੀਟਨਾਸ਼ਕ ਦਵਾਈ ਪੀ ਕੇ ਜਾਨ ਦੇ ਦਿੱਤੀ। ਪਿੰਡ ਦੀ ਸਰਪੰਚ ਪਰਮਜੀਤ ਕੌਰ ਅਨੁਸਾਰ ਕੁਲਵੰਤ ਸਿੰਘ ਕੋਲ ਤਿੰਨ ਏਕੜ ਜ਼ਮੀਨ ਸੀ ਅਤੇ ਉਸ ਨੇ ਬੈਂਕ, ਸੁਸਾਇਟੀ ਅਤੇ ਆੜ੍ਹਤੀਆਂ ਦਾ 8 ਲੱਖ ਦਾ ਕਰਜ਼ਾ ਦੇਣਾ ਸੀ, ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਕੁਲਵੰਤ ਸਿੰਘ ਦੇ 6 ਤੇ 12 ਸਾਲ ਦੇ ਦੋ ਬੱਚੇ ਹਨ। ਪੁਲੀਸ ਨੇ ਕੁਲਵੰਤ ਸਿੰਘ ਦੇ ਚਾਚੇ ਦਰਸ਼ਨ ਸਿੰਘ ਦੇ ਬਿਆਨ ਦੇ ਆਧਾਰ ’ਤੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।